Breaking News
ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ’ਤੇ ਬਿਨਾਂ ਇਜ਼ਾਜਤ ਤੇ ਮਾਪਿਆਂ ਦਾ ਇਤਰਾਜ਼

ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ’ਤੇ ਬਿਨਾਂ ਇਜ਼ਾਜਤ ਤੇ ਮਾਪਿਆਂ ਦਾ ਇਤਰਾਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਫੈਂਟਮ’ (Phantom) ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਗਾਇਕ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਿਊਜ਼ਿਕ ਲੇਬਲ ‘ਸਾਗਾ ਮਿਊਜ਼ਿਕ’ ਵੱਲੋਂ ਉਨ੍ਹਾਂ ਦੇ ਪੁੱਤਰ ਦਾ ਗੀਤ ਬਿਨਾਂ ਪਰਿਵਾਰ ਦੀ ਸਹਿਮਤੀ ਅਤੇ ਕਾਨੂੰਨੀ ਮਨਜ਼ੂਰੀ ਦੇ ਰਿਲੀਜ਼ ਕਰਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿੱਚ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਅਤੇ ਗੀਤ ਦੀ ਰਿਲੀਜ਼ ਨੂੰ ਕੁਝ ਸਮੇਂ ਲਈ ਰੋਕਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਉਨ੍ਹਾਂ ਮੁਤਾਬਕ ਸਾਗਾ ਮਿਊਜ਼ਿਕ ਨੇ ਪਰਿਵਾਰ ਦੀ ਇਸ ਬੇਨਤੀ ਨੂੰ ਨਜ਼ਰਅੰਦਾਜ਼ ਕਰਦਿਆਂ ਗੀਤ ਰਿਲੀਜ਼ ਕਰ ਦਿੱਤਾ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਕੋਲ ਉਨ੍ਹਾਂ ਵੱਲੋਂ ਜਾਰੀ ਕੀਤੀ ਕੋਈ ਵੀ ਵੈਧ ਕਾਨੂੰਨੀ ਮਨਜ਼ੂਰੀ ਜਾਂ ਦਸਤਾਵੇਜ਼ ਮੌਜੂਦ ਨਹੀਂ ਹਨ।

ਬਲਕੌਰ ਸਿੰਘ ਅਤੇ ਚਰਨ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ, “ਸਿੱਧੂ ਮੂਸੇਵਾਲਾ ਦਾ ਗੀਤ ‘ਫੈਂਟਮ’ ਸਾਡੀ ਇਜਾਜ਼ਤ ਜਾਂ ਅਧਿਕਾਰ ਤੋਂ ਬਿਨਾਂ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਅਸੀਂ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਲਈ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੇ ਹਾਂ।”

ਪਰਿਵਾਰ ਨੇ ਇਸ ਮਾਮਲੇ ਰਾਹੀਂ ਹੋਰਨਾਂ ਕਲਾਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ, ਉਨ੍ਹਾਂ ਨਾਲ ਜੁੜੇ ਦਸਤਾਵੇਜ਼ਾਂ ਜਾਂ ਅਧਿਕਾਰਾਂ ਸਬੰਧੀ ਕੋਈ ਵੀ ਦਾਅਵਾ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸਿੱਧਾ ਸੰਪਰਕ ਕੀਤਾ ਜਾਵੇ।

ਮਾਪਿਆਂ ਨੇ ਸਪੱਸ਼ਟ ਕੀਤਾ ਕਿ ਸਿੱਧੂ ਮੂਸੇਵਾਲਾ ਨਾਲ ਸਬੰਧਤ ਕਿਸੇ ਵੀ ਗੀਤ ਦੀ ਰਿਲੀਜ਼ ਜਾਂ ਜਨਤਕ ਐਲਾਨ ਕਰਨ ਤੋਂ ਪਹਿਲਾਂ ਪਰਿਵਾਰ ਦੀ ਸਲਾਹ ਅਤੇ ਸਹਿਮਤੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਦੀ ਵਿਰਾਸਤ ਅਤੇ ਹੱਕਾਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਾਨੂੰਨੀ ਕਦਮ ਚੁੱਕਣਗੇ।