ਜਲੰਧਰ: ਜਲੰਧਰ ਦੇ ਪਿੰਡ ਮਹਿਤਪੁਰ ‘ਚ ਸੋਮਵਾਰ ਰਾਤ ਆਪਣੀ ਪਤਨੀ, ਬੱਚਿਆਂ ਤੇ ਸੱਸ-ਸਹੁਰੇ ਨੂੰ ਪੈਟਰੋਲ ਛਿੜਕ ਕੇ ਜਿੰਦਾ ਸਾੜਣ ਵਾਲੇ ਵਿਅਕਤੀ ਨੇ ਵੀ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਕ ਉਸ ਨੇ ਰਾਤ ਵੇਲੇ ਆਪਣੇ ਪਿੰਡ ‘ਚ ਦਰੱਖਤ ਨਾਲ ਫਾਹਾ ਲੈ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ ਘਰੇਲੂ ਕਲੇਸ਼ ਕਾਰਨ ਉਕਤ ਵਿਅਕਤੀ ਨੇ ਆਪਣੀ ਪਤਨੀ, ਦੋਵੇਂ ਬੱਚਿਆਂ ਅਤੇ ਸੱਸ ਨੂੰ ਜ਼ਿੰਦਾ ਸਾੜ ਦਿੱਤਾ ਸੀ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਨਾਮ ਦਾ ਵਿਅਕਤੀ ਨਸ਼ੇ ਦਾ ਆਦੀ ਸੀ ਅਤੇ ਅਕਸਰ ਆਪਣੀ ਪਤਨੀ ਪਰਮਜੀਤ ਨਾਲ ਕੁੱਟਮਾਰ ਕਰਦਾ ਸੀ। ਇਸ ਤੋਂ ਪਰਸ਼ਾਨ ਹੋ ਕੇ ਪਰਮਜੀਤ ਭਰਾ ਸੁਰਜਨ ਸਿੰਘ ਕੋਲ ਪਿੰਡ ਬੀਟਲ ਆ ਗਈ। ਕੁਝ ਸਮਾਂ ਪਹਿਲਾਂ ਕੁਲਦੀਪ ਸਿੰਘ ਉਸ ਨੂੰ ਲੈਣ ਆਇਆ ਸੀ । ਪਰਮਜੀਤ ਦੇ ਇਨਕਾਰ ਕਰਨ ‘ਤੇ ਉਸ ਨੇ ਸ਼ਰਾਬ ਪੀ ਕੇ ਗਾਲ੍ਹਾਂ ਕੱਢ ਕੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਉਸ ਨੇ ਆਪਣੀ ਪਤਨੀ, ਬੱਚਿਆਂ ਅਤੇ ਸੱਸ ਨੂੰ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
