ਜਲੰਧਰ : ਫਿਲਮ ‘ਭੈਣ ਹੋਣੀ ਤੇਰੀ’ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ 2017 ਵਿੱਚ ਥਾਣਾ ਨੰਬਰ 5 ‘ਚ ਦਰਜ ਮਾਮਲੇ ਵਿੱਚ ਫਿਲਮ ਅਭਿਨੇਤਾ ਰਾਜਕੁਮਾਰ ਰਾਓ ਨੂੰ ਮਾਨਯੋਗ ਜੱਜ ਸ੍ਰਿਜਨ ਸ਼ੁਕਲਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਸਮਨ ਜਾਰੀ ਹੋਏ ਸਨ। ਅੱਜ ਅਦਾਲਤ ਨੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਤੱਕ ਮੋਅੱਤਲ ਕਰ ਦਿੱਤੀ ਗਈ ਹੈ।
ਫਿਲਮ ਅਭਿਨੇਤਾ ਰਾਜਕੁਮਾਰ ਰਾਓ ਨੇ ਪਹਿਲਾਂ ਹੀ ਅਦਾਲਤ ਤੋਂ ਜਮਾਨਤ ਲੈ ਲੀ ਸੀ, ਪਰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਵਿਰੁੱਧ ਗ਼ੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਜਿਸ ਕਰਕੇ ਰਾਓ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰਕੇ ਦੁਬਾਰਾ ਜਮਾਨਤ ਲੈ ਲਈ
ਇਸ ਫਿਲਮ ਵਿੱਚ ਭਗਵਾਨ ਸ਼ੰਕਰ ਜੀ ਨੂੰ ਗਲਤ ਢੰਗ ਨਾਲ ਦਰਸਾਉਣ ਦੇ ਦੋਸ਼ ‘ਚ ਜਲੰਧਰ ਵਾਸੀ ਸ਼ਿਵਸੇਨਾ ਆਗੂ ਵੱਲੋਂ ਫਿਲਮ ਦੇ ਨਿਰਦੇਸ਼ਕ ਨਿਤਿਨ, ਅਮੂਲ ਵਿਕਾਸ, ਅਤੇ ਅਭਿਨੇਤਰੀ ਸ਼੍ਰੁਤੀ ਹਸਨ ਨਾਲ ਨਾਲ ਰਾਜਕੁਮਾਰ ਰਾਓ ਵਿਰੁੱਧ ਵੀ ਮਾਮਲਾ ਦਰਜ ਕਰਵਾਇਆ ਗਿਆ ਸੀ।
ਜਲੰਧਰ ਕੋਰਟ ਵਿੱਚ ਪੇਸ਼ ਹੋਣ ਦੇ ਬਾਅਦ ਰਾਜਕੁਮਾਰ ਰਾਓ ਅੱਜ ਅੰਮ੍ਰਿਤਸਰ ਵਿਖੇ ਸਥਿਤ ਸ਼੍ਰੀ ਹਰਿਮੰਦਰ ਸਾਹਿਬ (ਗੋਲਡਨ ਟੈੰਪਲ) ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ। ਇਹ ਦੌਰਾ ਉਨ੍ਹਾਂ ਲਈ ਖਾਸ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਨੇ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ।
ਰਾਜਕੁਮਾਰ ਰਾਓ ਨੇ ਗੋਲਡਨ ਟੈਂਪਲ ਦੀ ਆਪਣੀ ਯਾਤਰਾ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਹ ਪਵਿੱਤਰ ਸਰੋਵਰ ਸਾਹਿਬ ਅੱਗੇ ਸਿਰ ਝੁਕਾ ਕੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰਾਂ ਨਾਲ ਕੈਪਸ਼ਨ ਲਿਖਿਆ:
“ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫਤਹ।”
ਦੱਸਣ ਯੋਗ ਗੱਲ ਇਹ ਹੈ ਕਿ ਰਾਜਕੁਮਾਰ ਅਤੇ ਪੱਤਰਲੇਖਾ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਦੋਹਾਂ ਨੇ 2021 ਵਿੱਚ ਵਿਆਹ ਕੀਤਾ ਸੀ ਅਤੇ ਹੁਣ ਉਹ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ
