Breaking News
ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ’ਤੇ, ਧੂਰੀ ਨੂੰ ਮਿਲਣਗੀਆਂ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਸੌਗਾਤਾਂ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ’ਤੇ, ਧੂਰੀ ਨੂੰ ਮਿਲਣਗੀਆਂ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਸੌਗਾਤਾਂ

ਜਹਾਂਗੀਰ-ਕਹੇਰੂ ਵਿਖੇ ਸਪੋਰਟਸ ਕੰਪਲੈਕਸ ਦਾ ਰੱਖਣਗੇ ਨੀਂਹ ਪੱਥਰ, 8 ਕਰੋੜ ਦੀ ਲਾਗਤ ਨਾਲ ਤਿਆਰ ਹਾਕੀ ਐਸਟ੍ਰੋਟਰਫ ਸਟੇਡੀਅਮ ਦਾ ਕਰਨਗੇ ਉਦਘਾਟਨ

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਜ਼ਿਲ੍ਹੇ ਦੇ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਧੂਰੀ ਦੇ ਪਿੰਡ ਜਹਾਂਗੀਰ-ਕਹੇਰੂ ਵਿਖੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਵੱਲੋਂ ਇੱਥੇ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਦਕਿ ਨਵੇਂ ਤਿਆਰ ਕੀਤੇ ਗਏ ਹਾਕੀ ਸਟੇਡੀਅਮ ਦਾ ਉਦਘਾਟਨ ਵੀ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ, ਪਿੰਡ ਜਹਾਂਗੀਰ-ਕਹੇਰੂ ਵਿਖੇ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਐਸਟ੍ਰੋਟਰਫ ਤਿਆਰ ਕੀਤਾ ਗਿਆ ਹੈ। ਇਸ ਸਹੂਲਤ ਨਾਲ ਇਲਾਕੇ ਦੇ ਹਾਕੀ ਖਿਡਾਰੀਆਂ ਨੂੰ ਆਧੁਨਿਕ ਮੈਦਾਨ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲੇਗਾ।

ਇਸ ਤੋਂ ਇਲਾਵਾ, ਇੱਥੇ ਕਰੀਬ 39.20 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਜ਼ਮੀਨ ਵਿੱਚ ਸਪੋਰਟਸ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਕੰਪਲੈਕਸ ਵਿੱਚ ਖਿਡਾਰੀਆਂ ਲਈ ਵੱਖ-ਵੱਖ ਖੇਡਾਂ ਦੀਆਂ ਆਧੁਨਿਕ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ।

11 ਖੇਡਾਂ ਲਈ ਬਣ ਰਿਹਾ ਆਧੁਨਿਕ ਇਨਡੋਰ ਸਪੋਰਟਸ ਹਾਲ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਇਨਡੋਰ ਸਪੋਰਟਸ ਹਾਲ ਦਾ ਨਿਰਮਾਣ ਕਾਰਜ ਵੀ ਜਾਰੀ ਹੈ। ਇਸ ਹਾਲ ਵਿੱਚ ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਕੁਸ਼ਤੀ, ਜੂਡੋ, ਜਿਮਨਾਸਟਿਕ, ਹੈਂਡਬਾਲ, ਨੈੱਟਬਾਲ ਅਤੇ ਸਕੁਐਸ਼ ਸਮੇਤ ਕੁੱਲ 11 ਖੇਡਾਂ ਲਈ ਸਹੂਲਤਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ।

ਇਸ ਦੇ ਨਾਲ ਹੀ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਵੀਮਿੰਗ ਪੂਲ ਦਾ ਨਿਰਮਾਣ ਵੀ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 5.20 ਕਰੋੜ ਰੁਪਏ ਖਰਚ ਕੇ ਇਲਾਕੇ ਵਿੱਚ 9 ਹੋਰ ਖੇਡ ਮੈਦਾਨ ਵੀ ਤਿਆਰ ਕੀਤੇ ਜਾਣਗੇ।

ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਮਕਸਦ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਨੂੰ ਬਿਹਤਰ ਸਿਖਲਾਈ ਅਤੇ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਸਹੂਲਤਾਂ ਦੇ ਵਿਕਸਤ ਹੋਣ ਨਾਲ ਧੂਰੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਖਿਡਾਰੀਆਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ।