ਕੈਨੇਡਾ ਚ’ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਦੀ ਲੱਗੀ 200 ਕਰੋੜ ਦੀ ਲਾਟਰੀ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋ-ਰਾਤ ਕਰੋੜਾਂ ਦੇ ਮਾਲਕ ਬਣ ਗਏ। ਅੰਮ੍ਰਿਤਪਾਲ ਸਿੰਘ ਨੇ Lotto 6/49 ਵਿੱਚ $32 ਮਿਲੀਅਨ ਦੀ ਵੱਡੀ ਰਕਮ ਜਿੱਤੀ ਹੈ, ਜੋ ਭਾਰਤੀ ਕਰੰਸੀ ਮੁਤਾਬਕ ਲਗਭਗ ₹200 ਕਰੋੜ ਦੇ ਬਰਾਬਰ ਦੱਸੀ ਜਾ ਰਹੀ ਹੈ।

152 ਸਟਰੀਟ ਵਾਲੇ Seven-Eleven ਤੋਂ ਖਰੀਦੀ ਸੀ ਟਿਕਟ

ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਆਪਣੀ ਜੇਤੂ ਲਾਟਰੀ ਟਿਕਟ 152 ਸਟਰੀਟ ਅਤੇ 104 ਐਵੇਨਿਊ ਸਥਿਤ Seven-Eleven ਤੋਂ ਖਰੀਦੀ ਸੀ। ਜਦੋਂ ਉਸਨੇ ਟਿਕਟ ਦਾ ਨਤੀਜਾ ਚੈੱਕ ਕੀਤਾ ਤਾਂ ਪਹਿਲਾਂ ਉਸਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਇਆ।

ਅੰਮ੍ਰਿਤਪਾਲ ਨੇ ਪਹਿਲੀ ਨਜ਼ਰ ਵਿੱਚ ਜਿੱਤੀ ਰਕਮ ਨੂੰ $32,000 ਸਮਝਿਆ। ਪਰ ਜਦੋਂ ਉਸਨੇ ਹੋਰ ਫੋਨਾਂ ਤੋਂ ਵੀ ਨੰਬਰ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਇਹ ਰਕਮ $32,000 ਨਹੀਂ, ਸਗੋਂ ਪੂਰੇ $32 ਮਿਲੀਅਨ ਹੈ।

“ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ”

ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਲਈ ਇਸ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਸੀ। ਉਨ੍ਹਾਂ ਮੁਤਾਬਕ, ਉਸ ਸਮੇਂ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਅਸਲ ਵਿੱਚ ਕੀ ਹੋ ਰਿਹਾ ਹੈ।

ਪਰਿਵਾਰ ਲਈ ਘਰ ਅਤੇ ਸੁਪਨਿਆਂ ਦੀ ਕਾਰ ਖਰੀਦਣ ਦਾ ਸੁਪਨਾ

ਅੰਮ੍ਰਿਤਪਾਲ ਸਿੰਘ ਹੁਣ ਇਸ ਅਚਾਨਕ ਮਿਲੀ ਵੱਡੀ ਦੌਲਤ ਨੂੰ ਕਿਵੇਂ ਵਰਤਣਾ ਹੈ, ਇਸ ਬਾਰੇ ਸੋਚਣ ਲਈ ਕੁਝ ਸਮਾਂ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਦੀਆਂ ਮੁੱਢਲੀਆਂ ਯੋਜਨਾਵਾਂ ਵਿੱਚ ਮਾਤਾ-ਪਿਤਾ ਅਤੇ ਭੈਣ ਦੀ ਮਦਦ ਕਰਨਾ, ਆਪਣਾ ਘਰ ਖਰੀਦਣਾ ਅਤੇ ਕੁਝ ਕਾਰਾਂ ਲੈਣਾ ਸ਼ਾਮਲ ਹੈ।

ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੀਆਂ ਪਸੰਦੀਦਾ ਕਾਰਾਂ ਵਿੱਚੋਂ ਇੱਕ Dodge Challenger ਹੈ, ਜਿਸਨੂੰ ਉਹ ਆਪਣੇ ਸੁਪਨਿਆਂ ਦੀ ਕਾਰ ਦੱਸਦੇ ਹਨ।