
ਉੱਤਰਾਖੰਡ ’ਚ ਦੋ ਵੱਖ-ਵੱਖ ਸੜਕ ਹਾਦਸੇ: 12 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਦੇਹਰਾਦੂਨ: ਉੱਤਰਾਖੰਡ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਵਾਪਰਿਆ, ਜਿੱਥੇ ਮੰਗਲਵਾਰ ਤੜਕੇ ਇੱਕ ਯਾਤਰੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਅਨੁਸਾਰ ਹਾਦਸਾ ਸਵੇਰੇ ਕਰੀਬ 4.30 ਵਜੇ ਗੁਲਰ ਬਾਜ਼ਾਰ ਨੇੜੇ ਵਾਪਰਿਆ। ਹਰਿਦੁਆਰ ਤੋਂ ਚਮੋਲੀ ਜਾ ਰਹੀ ਬੱਸ ਗੁਲਰ ਪੁਲ ਨੇੜੇ ਬੇਕਾਬੂ ਹੋ ਕੇ ਪੁਲ ਦੇ ਹੇਠਾਂ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਸਮੇਂ ਬੱਸ ਵਿੱਚ ਕਰੀਬ 30 ਤੋਂ 35 ਯਾਤਰੀ ਸਵਾਰ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬਿਆਸੀ ਅਤੇ ਢਾਲਵਾਲਾ ਪੁਲੀਸ ਚੌਕੀਆਂ ਤੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਰੀਬ 20 ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਸੀ।
ਟਿਹਰੀ ਦੀ ਜ਼ਿਲ੍ਹਾ ਮੈਜਿਸਟਰੇਟ ਨੀਤਿਕਾ ਖੰਡੇਲਵਾਲ ਅਤੇ ਸੀਨੀਅਰ ਪੁਲੀਸ ਕਪਤਾਨ ਸ਼ਵੇਤਾ ਚੌਬੇ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਏ। ਅਧਿਕਾਰੀਆਂ ਦੀ ਨਿਗਰਾਨੀ ਹੇਠ ਬਚਾਅ ਕਾਰਜ ਜਾਰੀ ਰਹੇ।
ਇਸੇ ਦੌਰਾਨ ਸੋਮਵਾਰ ਦੇਰ ਰਾਤ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਵੀ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬਾਂਸਵਾੜਾ-ਮੋਹਨਖਾਲ ਮੋਟਰ ਮਾਰਗ ’ਤੇ ਭਟਵਾੜੀ-ਕੰਡਾਰਾ ਨੇੜੇ ਇੱਕ ਬੋਲੇਰੋ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
ਪੁਲੀਸ ਅਨੁਸਾਰ ਗੱਡੀ ਪੋਖਰੀ ਖੇਤਰ ਤੋਂ ਰਾਸੀ ਵੱਲ ਜਾ ਰਹੀ ਸੀ। ਇਸ ਦੌਰਾਨ ਡਰਾਈਵਰ ਦਾ ਵਾਹਨ ਤੋਂ ਸੰਤੁਲਨ ਵਿਗੜ ਗਿਆ ਅਤੇ ਗੱਡੀ ਖੱਡ ਵਿੱਚ ਜਾ ਡਿੱਗੀ। ਹਾਦਸੇ ਸਮੇਂ ਵਾਹਨ ਵਿੱਚ ਕਰੀਬ ਨੌਂ ਤੋਂ ਦਸ ਵਿਅਕਤੀ ਸਵਾਰ ਸਨ।
ਪੁਲੀਸ ਨੂੰ ਸੋਮਵਾਰ ਰਾਤ ਕਰੀਬ 10 ਵਜੇ ਡਾਇਲ 112 ਰਾਹੀਂ ਹਾਦਸੇ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਅਗਸਤਿਆਮੁਨੀ ਥਾਣੇ ਦੀ ਪੁਲੀਸ, ਐੱਸਡੀਆਰਐੱਫ, ਡਿਸਟ੍ਰਿਕਟ ਡਿਜ਼ਾਸਟਰ ਰਿਸਪਾਂਸ ਫੋਰਸ (ਡੀਡੀਆਰਐੱਫ) ਅਤੇ 108 ਐਂਬੂਲੈਂਸ ਸੇਵਾਵਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ।
ਸਰਕਲ ਅਫ਼ਸਰ (ਸੀਓ) ਰੁਦਰਪ੍ਰਯਾਗ ਦੀ ਅਗਵਾਈ ਹੇਠ ਰਾਹਤ ਅਤੇ ਬਚਾਅ ਕਾਰਜ ਚਲਾਇਆ ਗਿਆ। ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਖੱਡ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਦੋਵਾਂ ਹਾਦਸਿਆਂ ਨੇ ਪਹਾੜੀ ਇਲਾਕਿਆਂ ਵਿੱਚ ਸੜਕ ਸੁਰੱਖਿਆ ਅਤੇ ਹਾਦਸਿਆਂ ਦੀ ਰੋਕਥਾਮ ਨੂੰ ਲੈ ਕੇ ਮੁੜ ਚਿੰਤਾ ਵਧਾ ਦਿੱਤੀ ਹੈ।



