ਚੰਡੀਗੜ੍ਹ :ਪੰਜਾਬ ਦੀ ਭਗਵੰਤ ਮਾਨ ਸਰਕਾਰ ਚੋਣ ਸਾਲ ਦੌਰਾਨ ਸੂਬੇ ਦੀਆਂ ਮਹਿਲਾਵਾਂ ਲਈ ਵੱਡਾ ਤੋਹਫ਼ਾ ਲੈ ਕੇ ਆ ਰਹੀ ਹੈ। ਸੂਤਰਾਂ ਅਨੁਸਾਰ, ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ
ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਔਰਤਾਂ ਆਪਣੇ ਛੋਟੇ-ਮੋਟੇ ਖਰਚਿਆਂ ਲਈ ਕਿਸੇ ‘ਤੇ ਨਿਰਭਰ ਨਹੀਂ ਰਹਿਣਗੀਆਂ। ਵਿੱਤ ਵਿਭਾਗ ਇਸ ਸਮੇਂ ਇਸ ਗੱਲ ‘ਤੇ ਵਿਚਾਰ ਕਰ ਰਿਹਾ ਹੈ ਕਿ ਇਹ ਰਾਸ਼ੀ ਮਹੀਨਾਵਾਰ ਦਿੱਤੀ ਜਾਵੇ ਜਾਂ ਤਿਮਾਹੀ ਕਿਸ਼ਤਾਂ ਵਿੱਚ
ਕਿਸ ਨੂੰ ਮਿਲੇਗਾ ਲਾਭ ਅਤੇ ਕੌਣ ਹੋਵੇਗਾ ਬਾਹਰ?
ਸਰਕਾਰ ਨੇ ਲਾਭਪਾਤਰੀਆਂ ਲਈ ਕੁਝ ਸ਼ਰਤਾਂ ਤੈਅ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਸਹਾਇਤਾ ਸਹੀ ਹੱਥਾਂ ਵਿੱਚ ਪਹੁੰਚ ਸਕੇ:
ਇਨਕਮ ਟੈਕਸ ਦਾਇਰ ਕਰਨ ਵਾਲੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਆਪਣਾ ਕਾਰੋਬਾਰ ਚਲਾਉਣ ਵਾਲੀਆਂ ਔਰਤਾਂ ਨੂੰ ਵੀ ਇਸ ਮਾਣਭੱਤੇ ਦੇ ਘੇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਅੰਦਾਜ਼ਾ ਹੈ ਕਿ ਪੰਜਾਬ ਦੀਆਂ 40 ਲੱਖ ਤੋਂ ਵੱਧ ਔਰਤਾਂ ਇਸ ਸਕੀਮ ਦਾ ਫਾਇਦਾ ਉਠਾ ਸਕਦੀਆਂ ਹਨ।
ਸਿੱਧਾ ਬੈਂਕ ਖਾਤਿਆਂ ਵਿੱਚ ਆਵੇਗਾ ਪੈਸਾ
ਭ੍ਰਿਸ਼ਟਾਚਾਰ ਅਤੇ ਵਿਚੋਲਿਆਂ ਨੂੰ ਖਤਮ ਕਰਨ ਲਈ, ਸਰਕਾਰ ਇਹ ਰਾਸ਼ੀ ਸਿੱਧੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਆਧਾਰ ਕਾਰਡ ਨਾਲ ਲਿੰਕ ਕੀਤੇ ਬੈਂਕ ਖਾਤਿਆਂ ਵਿੱਚ ਭੇਜੇਗੀ। ਵਿੱਤ ਵਿਭਾਗ ਦੇ ਅਧਿਕਾਰੀ ਇਸ ਸਮੇਂ ਸਾਲਾਨਾ ਖਰਚੇ ਅਤੇ ਬਜਟ ਦੇ ਪੁਨਰਗਠਨ ਦਾ ਮੁਲਾਂਕਣ ਕਰ ਰਹੇ ਹਨ ਤਾਂ ਜੋ ਹੋਰ ਵਿਕਾਸ ਕਾਰਜਾਂ ‘ਤੇ ਕੋਈ ਮਾੜਾ ਅਸਰ ਨਾ ਪਵੇ।
8 ਮਾਰਚ ਨੂੰ ਸਭ ਕੁਝ ਹੋਵੇਗਾ ਸਪੱਸ਼ਟ
ਯੋਜਨਾ ਦੀ ਯੋਗਤਾ, ਅਰਜ਼ੀ ਦੇਣ ਦੀ ਪ੍ਰਕਿਰਿਆ ਅਤੇ ਇਹ ਕਦੋਂ ਤੋਂ ਲਾਗੂ ਹੋਵੇਗੀ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ 8 ਮਾਰਚ ਨੂੰ ਬਜਟ ਭਾਸ਼ਣ ਦੌਰਾਨ ਮਿਲਣਗੇ। ਚੋਣਾਂ ਵਾਲੇ ਸਾਲ ਵਿੱਚ ਇਸ ਕਦਮ ਨੂੰ ‘ਆਪ’ ਸਰਕਾਰ ਦਾ ਇੱਕ ਮਾਸਟਰਸਟ੍ਰੋਕ ਮੰਨਿਆ ਜਾ ਰਿਹਾ ਹੈ।
