ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਗ਼ਰੀਬ ਪਰਿਵਾਰ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ, ਜਦੋਂ ਰੂਸ-ਯੂਕਰੇਨ ਜੰਗ ਦੀ ਭੇਟ ਚੜ੍ਹੇ 21 ਸਾਲਾ ਨੌਜਵਾਨ ਸਮਰਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪੁੱਜੀ। ਸੁਨਹਿਰੀ ਭਵਿੱਖ ਦੀ ਭਾਲ ਵਿੱਚ ਰੂਸ ਗਏ ਸਮਰਜੀਤ ਨੂੰ ਉੱਥੇ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਜਦੋਂ ਉਸ ਦੀ ਦੇਹ ਲੁਧਿਆਣਾ ਵਿੱਚ ਪੁੱਜੀ ਤਾਂ ਪੂਰੇ ਇਲਾਕੇ ਵਿੱਚ ਮਾਤਮ ਪਸਰ ਗਿਆ
ਘਰ ਗਹਿਣੇ ਰੱਖ ਕੇ ਭੇਜਿਆ ਸੀ ਵਿਦੇਸ਼
ਸਮਰਜੀਤ ਦੇ ਪਿਤਾ ਚਰਨਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਲਈ 7 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਲਈ ਉਨ੍ਹਾਂ ਨੇ ਆਪਣੇ ਘਰ ਦੀ ਰਜਿਸਟਰੀ ਤੱਕ ਗਹਿਣੇ ਰੱਖ ਦਿੱਤੀ ਸੀ। ਸਮਰਜੀਤ 16 ਜੁਲਾਈ 2024 ਨੂੰ ਰੂਸ ਗਿਆ ਸੀ। ਉਸ ਨੇ ਐਕਸ-ਰੇ ਟੈਕਨੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਸ ਨੂੰ ਝਾਂਸਾ ਦਿੱਤਾ ਗਿਆ ਸੀ ਕਿ ਤਿੰਨ ਮਹੀਨੇ ਦਾ ਰੂਸੀ ਭਾਸ਼ਾ ਦਾ ਕੋਰਸ ਕਰਨ ਤੋਂ ਬਾਅਦ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ
ਧੋਖੇ ਨਾਲ ਭਰਤੀ ਅਤੇ 22 ਸੈਕਿੰਡ ਦੀ ਆਖਰੀ ਗੱਲਬਾਤ
ਪਰਿਵਾਰ ਅਨੁਸਾਰ, ਸ਼ੁਰੂ ਵਿੱਚ ਸਮਰਜੀਤ ਠੀਕ ਸੀ, ਪਰ ਜਲਦੀ ਹੀ ਉਸ ਨੂੰ ਜ਼ਬਰਦਸਤੀ ਫ਼ੌਜ ਦੀ ਵਰਦੀ ਪਹਿਨਾ ਦਿੱਤੀ ਗਈ। 8 ਸਤੰਬਰ ਨੂੰ ਉਸ ਨੇ ਆਖਰੀ ਵਾਰ ਆਪਣੇ ਪਰਿਵਾਰ ਨੂੰ ਸਿਰਫ਼ 22 ਸੈਕਿੰਡ ਦੀ ਵੀਡੀਓ ਕਾਲ ਕੀਤੀ ਸੀ, ਜਿਸ ਵਿੱਚ ਉਸ ਨੇ ਸਿਰਫ਼ ਇੰਨਾ ਕਿਹਾ ਸੀ— “ਮੈਂ ਠੀਕ ਹਾਂ, ਪਾਪਾ-ਮੰਮੀ ਆਪਣਾ ਖ਼ਿਆਲ ਰੱਖਣਾ।” ਇਸ ਦੇ ਦੋ ਦਿਨ ਬਾਅਦ, 10 ਸਤੰਬਰ ਨੂੰ ਇੱਕ ਡਰੋਨ ਹਮਲੇ ਵਿੱਚ ਉਸ ਦੀ ਜਾਨ ਚਲੀ ਗਈ। ਇੱਕ ਹਫ਼ਤਾ ਪਹਿਲਾਂ ਰੂਸੀ ਭਾਸ਼ਾ ਵਿੱਚ ਆਏ ਡੈੱਥ ਸਰਟੀਫਿਕੇਟ ਰਾਹੀਂ ਇਸ ਦੀ ਪੁਸ਼ਟੀ ਹੋਈ
ਸਰਕਾਰਾਂ ਅਤੇ ਪ੍ਰਸ਼ਾਸਨ ‘ਤੇ ਸਵਾਲ
ਸਮਰਜੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਲੁਧਿਆਣਾ ਤੋਂ ਦਿੱਲੀ ਤੱਕ ਦੇ ਚੱਕਰ ਕੱਟੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਐਨ.ਆਰ.ਆਈ. ਮੰਤਰੀ ਅਤੇ ਸੰਸਦ ਮੈਂਬਰਾਂ ਦੇ ਦਫ਼ਤਰਾਂ ਵਿੱਚ ਗੁਹਾਰ ਲਗਾਈ, ਪਰ ਹਰ ਪਾਸਿਓਂ ਸਿਰਫ਼ ਭਰੋਸੇ ਹੀ ਮਿਲੇ। ਚਰਨਜੀਤ ਸਿੰਘ ਉਨ੍ਹਾਂ ਪਰਿਵਾਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਜੰਤਰ-ਮੰਤਰ ‘ਤੇ ਧਰਨਾ ਦੇ ਕੇ ਰੂਸ ਵਿੱਚ ਫਸੇ 27 ਭਾਰਤੀ ਨੌਜਵਾਨਾਂ ਦੀ ਸੂਚੀ ਵਿਦੇਸ਼ ਮੰਤਰਾਲੇ ਨੂੰ ਸੌਂਪੀ ਸੀ। ਅਫ਼ਸੋਸ ਕਿ ਜਦੋਂ ਤੱਕ ਸਰਕਾਰ ਜਾਗੀ, ਸਮਰਜੀਤ ਤਿਰੰਗੇ ਵਿੱਚ ਲਿਪਟ ਕੇ ਵਾਪਸ ਮੁੜਿਆ।
ਗ਼ਮਗੀਨ ਮਾਹੌਲ ‘ਚ ਅੰਤਿਮ ਸੰਸਕਾਰ
ਸ਼ੁੱਕਰਵਾਰ ਨੂੰ ਸਮਰਜੀਤ ਦੀ ਦੇਹ ਦਿੱਲੀ ਤੋਂ ਲੁਧਿਆਣਾ ਲਿਆਂਦੀ ਗਈ, ਜਿੱਥੇ ਗ਼ਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਹੁਣ ਇਨਸਾਫ਼ ਦੀ ਮੰਗ ਕਰ ਰਹੇ ਹਨ ਤਾਂ ਜੋ ਹੋਰ ਕਿਸੇ ਮਾਂ ਦਾ ਪੁੱਤ ਇਸ ਤਰ੍ਹਾਂ ਧੋਖੇ ਦੀ ਭੇਟ ਨਾ ਚੜ੍ਹੇ
