ਭਵਾਨੀਗੜ੍ਹ ਦੇ ਪਟਿਆਲਾ ਰੋਡ ’ਤੇ ਸਥਿਤ ਮੋਹਨ ਨਗਰ ਇਲਾਕੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ 75 ਸਾਲਾ ਬਜ਼ੁਰਗ ਚੌਕੀਦਾਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਮਜੀ (ਪੁੱਤਰ ਮੇਹਰ ਸਿੰਘ), ਵਾਸੀ ਪਿੰਡ ਬਾਲਦ ਕਲਾਂ ਵਜੋਂ ਹੋਈ ਹੈ। ਇਹ ਘਟਨਾ ਵੇਅਰ ਹਾਊਸ ਦੇ ਗੁਦਾਮਾਂ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਵਾਪਰੀ।
ਜਾਣਕਾਰੀ ਅਨੁਸਾਰ, ਇਸ ਪਲਾਟ ਵਿੱਚ ਬੋਰਿੰਗ ਦਾ ਕੰਮ ਚੱਲ ਰਿਹਾ ਸੀ। ਪਲਾਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਬੋਰਿੰਗ ਦੇ ਸਾਮਾਨ ਦੀ ਰਾਖੀ ਲਈ ਰਾਮਜੀ ਨੂੰ ਚੌਕੀਦਾਰ ਵਜੋਂ ਰੱਖਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬਜ਼ੁਰਗ ਦੀ ਡਿਊਟੀ ਦਾ ਇਹ ਪਹਿਲਾ ਹੀ ਦਿਨ ਸੀ। ਮੰਗਲਵਾਰ ਸਵੇਰੇ ਜਦੋਂ ਬੋਰਿੰਗ ਦਾ ਕੰਮ ਕਰਨ ਵਾਲਾ ਮਿਸਤਰੀ ਲਖਵਿੰਦਰ ਸਿੰਘ ਮੌਕੇ ‘ਤੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਰਾਮਜੀ ਦੀ ਲਾਸ਼ ਮੰਜੇ ‘ਤੇ ਪਈ ਸੀ। ਕਾਤਲਾਂ ਨੇ ਬਹੁਤ ਬੇਰਹਿਮੀ ਨਾਲ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਸਿਰ ‘ਤੇ ਗੰਭੀਰ ਸੱਟ ਮਾਰ ਕੇ ਉਸ ਦੀ ਜਾਨ ਲਈ ਸੀ।
ਪੁਲਿਸ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਮਾਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਸਬੂਤ ਇਕੱਠੇ ਕੀਤੇ ਜਾ ਸਕਣ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
