ਬਾਦਸ਼ਾਹ ਨੇ ‘ਟਟੀਰੀ’ ਗੀਤ ‘ਤੇ ਮੰਗੀ ਮਾਫ਼ੀ, ਹੁਣ 50 ਕੁੜੀਆਂ ਦੀ ਪੜ੍ਹਾਈ ਦਾ ਚੁੱਕਿਆ ਜ਼ਿੰਮਾ

ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ ‘ਟਟੀਰੀ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮੁਸ਼ਕਿਲਾਂ ਵਿੱਚ ਘਿਰ ਗਏ ਹਨ। ਇਸ ਗੀਤ ਦੇ ਬੋਲਾਂ ਨੂੰ ਔਰਤਾਂ ਦੇ ਸਨਮਾਨ ਦੇ ਵਿਰੁੱਧ ਮੰਨਦਿਆਂ ਲੋਕਾਂ ਨੇ ਭਾਰੀ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਬਾਦਸ਼ਾਹ ਖ਼ਿਲਾਫ਼ ਐਫਆਈਆਰ (FIR) ਵੀ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਬਾਦਸ਼ਾਹ ਮੰਗਲਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ

ਸੁਣਵਾਈ ਦੌਰਾਨ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਹਿਤਕਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਗੀਤ ਦੀ ਪੇਸ਼ਕਾਰੀ ਔਰਤਾਂ ਦੀ ਮਰਿਆਦਾ ਨੂੰ ਸੱਟ ਮਾਰਦੀ ਹੈ। ਇਸ ‘ਤੇ ਬਾਦਸ਼ਾਹ ਸਮੇਤ ਗੀਤ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੇ ਕਮਿਸ਼ਨ ਤੋਂ ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਕੋਈ ਗਲਤੀ ਨਹੀਂ ਦੁਹਰਾਈ ਜਾਵੇਗੀ।

ਪਛਤਾਵਾ ਕਰਦਿਆਂ ਬਾਦਸ਼ਾਹ ਨੇ ਸਮਾਜਿਕ ਸੁਧਾਰ ਲਈ ਕਈ ਅਹਿਮ ਵਾਅਦੇ ਕੀਤੇ ਹਨ। ਉਸਨੇ ਕਿਹਾ ਕਿ ਉਹ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ 50 ਕੁੜੀਆਂ ਦੀ ਸਿੱਖਿਆ ਦਾ ਸਾਰਾ ਖਰਚਾ ਚੁੱਕਣਗੇ। ਅਗਲੇ ਚਾਰ ਮਹੀਨਿਆਂ ਦੇ ਅੰਦਰ ਉਹ ਮਹਿਲਾ ਸਸ਼ਕਤੀਕਰਨ (Women Empowerment) ‘ਤੇ ਇੱਕ ਸਕਾਰਾਤਮਕ ਗੀਤ ਤਿਆਰ ਕਰਨਗੇ। ਉਹ ਔਰਤਾਂ ਦੇ ਮਾਣ-ਸਨਮਾਨ ਨੂੰ ਵਧਾਉਣ ਵਾਲੇ ਕੰਮਾਂ ਵਿੱਚ ਸਰਗਰਮ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਵਿਵਾਦਤ ਗੀਤ ਨੂੰ ਪਹਿਲਾਂ ਹੀ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ ਅਤੇ ਕਮਿਸ਼ਨ ਨੇ ਸਾਰੇ ਕਲਾਕਾਰਾਂ ਨੂੰ ਅੱਗੇ ਤੋਂ ਸੰਜਮ ਵਰਤਣ ਦੀ ਹਦਾਇਤ ਦਿੱਤੀ ਹੈ।