ਅਬੋਹਰ ਦੇ ਇਲਾਕੇ ਵਿੱਚ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਪਿੰਡ ਕੁਹਾਰਿਆਂਵਾਲੀ ਦੇ ਰਹਿਣ ਵਾਲੇ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੋਵਾਲ) ਦੇ ਸਰਗਰਮ ਮੈਂਬਰ ਕੁਲਵੰਤ ਸਿੰਘ (70) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ, ਕੁਲਵੰਤ ਸਿੰਘ ਪਿਛਲੇ ਹਫ਼ਤੇ ਸ਼ਾਮ ਦੇ ਸਮੇਂ ਆਪਣੇ ਮੋਟਰਸਾਈਕਲ ‘ਤੇ ਪਿੰਡ ਤੋਂ ਸ਼ਹਿਰ ਵੱਲ ਜਾ ਰਹੇ ਸਨ। ਜਦੋਂ ਉਹ ਅਬੋਹਰ-ਫਾਜ਼ਿਲਕਾ ਰੋਡ ‘ਤੇ ਛਾਉਣੀ (ਕੈਂਟ) ਇਲਾਕੇ ਦੇ ਨੇੜੇ ਪਹੁੰਚੇ, ਤਾਂ ਅਚਾਨਕ ਇੱਕ ਅਵਾਰਾ ਜਾਨਵਰ ਸਾਹਮਣੇ ਆ ਗਿਆ। ਮੋਟਰਸਾਈਕਲ ਦੀ ਜਾਨਵਰ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਇਲਾਜ ਦੌਰਾਨ ਤੋੜਿਆ ਦਮ
ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਪਿਛਲੇ ਇੱਕ ਹਫ਼ਤੇ ਤੋਂ ਮੌਤ ਨਾਲ ਜੂਝ ਰਹੇ ਕੁਲਵੰਤ ਸਿੰਘ ਨੇ ਅੱਜ ਸਵੇਰੇ ਆਖਰੀ ਸਾਹ ਲਏ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ।
ਕਿਸਾਨ ਯੂਨੀਅਨ ਨੇ ਜਤਾਇਆ ਰੋਸ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਜਿੰਦਰ ਰਾਜਨ ਨੇ ਕੁਲਵੰਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਲਗਾਤਾਰ ਜਾਨੀ ਨੁਕਸਾਨ ਹੋ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਜੇਕਰ ਜਲਦੀ ਹੀ ਅਵਾਰਾ ਪਸ਼ੂਆਂ ਦਾ ਹੱਲ ਨਾ ਕੀਤਾ ਗਿਆ, ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
