ਪੰਜਾਬ ਵਿਜੀਲੈਂਸ ਦਫ਼ਤਰ ‘ਚ CBI ਦਾ ਧਾਵਾ; 25 ਲੱਖ ਦੀ ਰਿਸ਼ਵਤ ਮਾਮਲੇ ‘ਚ ਵਿਚੋਲਾ ਕਾਬੂ

ਮੋਹਾਲੀ : ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਕੇਂਦਰੀ ਜਾਂਚ ਏਜੰਸੀ (CBI) ਨੇ 25 ਲੱਖ ਰੁਪਏ ਦੇ ਕਥਿਤ ਰਿਸ਼ਵਤ ਕਾਂਡ ਵਿੱਚ ਇੰਸਪੈਕਟਰ OP ਰਾਣਾ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਇਸ ਕਾਰਵਾਈ ਕਾਰਨ ਹੈੱਡਕੁਆਰਟਰ ਦੇ ਕੰਮਕਾਜ ‘ਤੇ ਡੂੰਘਾ ਅਸਰ ਪਿਆ ਹੈ

ਦੇਰ ਰਾਤ ਹੋਈ CBI ਦੀ ਛਾਪੇਮਾਰੀ
ਅਧਿਕਾਰੀਆਂ ਮੁਤਾਬਕ, CBI ਦੀ ਟੀਮ ਨੇ ਸੋਮਵਾਰ ਦੇਰ ਰਾਤ ਵਿਜੀਲੈਂਸ ਹੈੱਡਕੁਆਰਟਰ ‘ਤੇ ਦਸਤਕ ਦਿੱਤੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਓ.ਪੀ. ਰਾਣਾ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਾਣਾ ਵਿਜੀਲੈਂਸ ਚੀਫ਼ ਦੇ ਰੀਡਰ ਵਜੋਂ ਤਾਇਨਾਤ ਸੀ। ਜਾਂਚ ਏਜੰਸੀ ਨੇ ਮੌਕੇ ਤੋਂ ਕਈ ਮਹੱਤਵਪੂਰਨ ਦਸਤਾਵੇਜ਼, ਮੋਬਾਈਲ ਫ਼ੋਨ ਅਤੇ ਹੋਰ ਰਿਕਾਰਡ ਵੀ ਜ਼ਬਤ ਕੀਤੇ ਹਨ

ਹੈੱਡਕੁਆਰਟਰ ‘ਚ ਕੰਮਕਾਜ ਪ੍ਰਭਾਵਿਤ
ਮੰਗਲਵਾਰ ਸਵੇਰੇ ਜਦੋਂ ਕਰਮਚਾਰੀ ਡਿਊਟੀ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। CBI ਅਧਿਕਾਰੀ ਹੈੱਡਕੁਆਰਟਰ ਦੇ ਅੰਦਰ ਅਤੇ ਬਾਹਰ ਤਾਇਨਾਤ ਹਨ ਅਤੇ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੀਲਬੰਦੀ ਕਾਰਨ ਕਈ ਕਰਮਚਾਰੀ ਰਿਕਾਰਡ ਰੂਮ ਅਤੇ ਆਪਣੇ ਸਬੰਧਤ ਸੈਕਸ਼ਨਾਂ ਵਿੱਚ ਨਹੀਂ ਜਾ ਸਕੇ, ਜਿਸ ਕਾਰਨ ਰੁਟੀਨ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ।

“ਪ੍ਰਾਇਮਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰਿਸ਼ਵਤ ਦਾ ਸੌਦਾ ਇੱਕ ਜਾਇਦਾਦ ਦੇ ਵਿਵਾਦ ਅਤੇ ਵਿਜੀਲੈਂਸ ਦੀ ਜਾਂਚ ਨੂੰ ਰਫਾ-ਦਫਾ ਕਰਨ ਲਈ ਕੀਤਾ ਜਾ ਰਿਹਾ ਸੀ।”

ਕਿਵੇਂ ਵਿਛਾਇਆ ਗਿਆ ਜਾਲ?
ਸੂਤਰਾਂ ਅਨੁਸਾਰ, CBI ਪਹਿਲਾਂ ਹੀ ਦੋਸ਼ੀਆਂ ਦੀਆਂ ਗੱਲਬਾਤਾਂ ਨੂੰ ਰਿਕਾਰਡ ਕਰ ਰਹੀ ਸੀ। ਜਦੋਂ ਸ਼ਿਕਾਇਤਕਰਤਾ ਤੈਅ ਕੀਤੀ ਰਕਮ ਲੈ ਕੇ ਸੈਕਟਰ-35 ਦੇ ਹੋਟਲ ਪਹੁੰਚਿਆ, ਤਾਂ CBI ਨੇ ਜਾਲ ਵਿਛਾ ਕੇ ਵਿਚੋਲੇ ਰਾਘਵ ਗੋਇਲ (ਵਾਸੀ ਮਲੋਟ) ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਹਾਲਾਂਕਿ, ਮੌਕੇ ‘ਤੇ ਸ਼ਿਕਾਇਤਕਰਤਾ ਕੋਲੋਂ 13 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।

CBI ਹੁਣ ਫ਼ਰਾਰ ਇੰਸਪੈਕਟਰ ਓ.ਪੀ. ਰਾਣਾ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।