ਫਗਵਾੜਾ : ਪੰਜਾਬ ਦੇ ਚਰਚਿਤ RTI ਐਕਟਿਵਿਸਟ ਅਤੇ ਐਡਵੋਕੇਟ ਸਿਮਰਨਜੀਤ ਸਿੰਘ ਦੇ ਹਾਈ ਪ੍ਰੋਫਾਈਲ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਮੁਤਾਬਕ ਇਹ ਕਤਲ ਕਿਸੇ ਬਾਹਰੀ ਦੁਸ਼ਮਣ ਨੇ ਨਹੀਂ, ਸਗੋਂ ਸਿਮਰਨਜੀਤ ਸਿੰਘ ਦੇ ਆਪਣੇ ਮਾਮੇ ਦੇ ਪੁੱਤ (ਮਮੇਰੇ ਭਰਾ) ਨੇ ਕੀਤਾ ਸੀ। ਪੁਲਿਸ ਨੇ ਮੁੱਖ ਮੁਲਜ਼ਮ ਸ਼ਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ
ਪ੍ਰਾਪਰਟੀ ਅਤੇ ਪੈਸਿਆਂ ਦਾ ਲੈਣ-ਦੇਣ ਬਣਿਆ ਕਤਲ ਦਾ ਕਾਰਨ
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਖੂਨੀ ਵਾਰਦਾਤ ਪਿੱਛੇ ਮੁੱਖ ਵਜ੍ਹਾ ਜਾਇਦਾਦ (ਪ੍ਰਾਪਰਟੀ) ਦਾ ਵਿਵਾਦ ਅਤੇ ਪੁਰਾਣੇ ਪੈਸਿਆਂ ਦਾ ਲੈਣ-ਦੇਣ ਸੀ।
ਘਟਨਾ ਵਾਲੇ ਦਿਨ ਕੀ ਹੋਇਆ?
- ਸ਼ਨੀਵਾਰ ਸਵੇਰੇ ਐਡਵੋਕੇਟ ਸਿਮਰਨਜੀਤ ਸਿੰਘ ਫਗਵਾੜਾ ਸਥਿਤ ਐਲ.ਪੀ.ਯੂ. (LPU) ਦੇ ਲਾਅ ਗੇਟ (Law Gate) ਦੇ ਕੋਲ ਇੱਕ ਪ੍ਰਾਪਰਟੀ ਦੇਖਣ ਲਈ ਪਹੁੰਚੇ ਸਨ
- ਉੱਥੇ ਦੋਵਾਂ ਧਿਰਾਂ ਵਿਚਾਲੇ ਪੁਰਾਣਾ ਵਿਵਾਦ ਇੱਕ ਵਾਰ ਫਿਰ ਭੜਕ ਗਿਆ
- ਬਹਿਸਬਾਜ਼ੀ ਇੰਨੀ ਵਧ ਗਈ ਕਿ ਮੁਲਜ਼ਮ ਨੇ ਅਚਾਨਕ ਫਾਇਰਿੰਗ ਕਰ ਦਿੱਤੀ
- ਗੋਲੀ ਸਿੱਧੀ ਸਿਮਰਨਜੀਤ ਸਿੰਘ ਦੇ ਸਿਰ ਦੇ ਆਰ-ਪਾਰ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਜਾਂਚ ਵਿੱਚ ਸਾਹਮਣੇ ਆਈ ਅਹਿਮ ਗੱਲ: ਪੁਲਿਸ ਜਾਂਚ ਮੁਤਾਬਕ ਸਿਮਰਨਜੀਤ ਸਿੰਘ ਵੱਲੋਂ ਕੋਈ ਜਵਾਬੀ ਫਾਇਰਿੰਗ ਨਹੀਂ ਕੀਤੀ ਗਈ ਸੀ। ਪੁਲਿਸ ਨੇ ਘਟਨਾ ਸਥਾਨ ਤੋਂ ਮ੍ਰਿਤਕ ਦੀ ਲਾਇਸੰਸੀ ਪਿਸਤੌਲ, ਦੋ ਮੋਬਾਈਲ ਫੋਨ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤੀ ਗਈ ਪਿਸਤੌਲ ਅਤੇ ਕਾਰਤੂਸ ਵੀ ਜ਼ਬਤ ਕਰ ਲਏ ਗਏ ਹਨ
ਸੀਸੀਟੀਵੀ ਅਤੇ ਤਕਨੀਕੀ ਜਾਂਚ ਨਾਲ ਫੜਿਆ ਗਿਆ ਮੁਲਜ਼ਮ
ਡੀ.ਆਈ.ਜੀ. (DIG) ਨਵੀਨ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਸੀਸੀਟੀਵੀ (CCTV) ਫੁਟੇਜ, ਮੋਬਾਈਲ ਟਾਵਰ ਲੋਕੇਸ਼ਨ ਅਤੇ ਹੋਰ ਤਕਨੀਕੀ ਮਾਧਿਅਮਾਂ ਦੀ ਮਦਦ ਨਾਲ ਮੁੱਖ ਮੁਲਜ਼ਮ ਸ਼ਰਨਦੀਪ ਸਿੰਘ ਨੂੰ ਫਗਵਾੜਾ ਬਾਈਪਾਸ ਦੇ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਾਕੀ ਮੁਲਜ਼ਮਾਂ ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਮੁਤਾਬਕ ਇਸ ਵਾਰਦਾਤ ਵਿੱਚ ਕੁਝ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ
