ਅੰਮ੍ਰਿਤਸਰ : ਕਈ ਦਿਨਾਂ ਤੋਂ ਲਾਪਤਾ ਚੱਲ ਰਹੇ 66 ਸਾਲਾ ਆਸਟ੍ਰੇਲੀਅਨ ਨਾਗਰਿਕ (ਪੰਜਾਬੀ ਮੂਲ) ਸੁਨੀਲ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਅੰਨ੍ਹੇ ਕਤਲਕਾਂਡ ਦੀ ਗੁੱਥੀ ਸੁਲਝਾਉਂਦੇ ਹੋਏ ਮ੍ਰਿਤਕ ਦੇ ਸਕੇ ਭਰਾ ਸਮੇਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਘਰ ਦੀ ਮੁਰੰਮਤ ਕਰਵਾਉਣ ਆਇਆ ਸੀ ਪੰਜਾਬ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸੁਨੀਲ ਸ਼ਰਮਾ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਬਤੌਰ ਗਣਿਤ (Mathematics) ਅਧਿਆਪਕ ਵਜੋਂ ਕੰਮ ਕਰਦੇ ਸਨ। ਉਹ ਪੰਜਾਬ ਵਿੱਚ ਅੰਮ੍ਰਿਤਸਰ ਸਥਿਤ ਆਪਣੇ ਘਰ ਦੀ ਮੁਰੰਮਤ, ਰੰਗ-ਰੋਗਨ ਅਤੇ ਜਾਇਦਾਦ ਨਾਲ ਸਬੰਧਤ ਕਿਸੇ ਕੰਮ ਲਈ ਇੱਥੇ ਆਏ ਹੋਏ ਸਨ। ਪਰ 22 ਮਈ ਤੋਂ ਉਹ ਅਚਾਨਕ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ
ਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਈ ਸੀ ਗੁਹਾਰ
ਸੁਨੀਲ ਸ਼ਰਮਾ ਦੇ ਅਚਾਨਕ ਲਾਪਤਾ ਹੋਣ ਕਾਰਨ ਆਸਟ੍ਰੇਲੀਆ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਚਿੰਤਾ ਪਾਈ ਜਾ ਰਹੀ ਸੀ। ਇਸ ਦੌਰਾਨ ਮ੍ਰਿਤਕ ਦੀ ਧੀ ਸੁਰਭੀ ਸ਼ਰਮਾ ਨੇ ਇੱਕ ਭਾਵੁਕ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਲੱਭਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ ਜਾਵੇ
ਜਾਇਦਾਦ ਦਾ ਵਿਵਾਦ ਬਣਿਆ ਕਤਲ ਦਾ ਕਾਰਨ!
ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਸ਼ਰਮਾ ਦੇ ਕਤਲ ਦੇ ਪਿੱਛੇ ਮੁੱਖ ਕਾਰਨ ਜਾਇਦਾਦ ਦਾ ਵਿਵਾਦ ਹੋ ਸਕਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਕੇ ਭਰਾ ਸੰਨੀ ਸ਼ਰਮਾ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਸੂਤਰਾਂ ਮੁਤਾਬਕ: ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਸੰਨੀ ਸ਼ਰਮਾ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੰਨੀ ਸ਼ਰਮਾ ‘ਤੇ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਵਿੱਚ NDPS ਐਕਟ (ਨਸ਼ਾ ਤਸਕਰੀ) ਦੇ ਤਹਿਤ ਇੱਕ ਮਾਮਲਾ ਦਰਜ ਹੈ ਅਤੇ ਉਹ ਪੁਲਿਸ ਨੂੰ ਲੋੜੀਂਦਾ ਸੀ
ਸੀਨੀਅਰ ਪੁਲਿਸ ਕਪਤਾਨ ਕੰਵਲਪ੍ਰੀਤ ਸਿੰਘ ਅੱਜ ਸ਼ਾਮ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਨਗੇ, ਜਿੱਥੇ ਇਸ ਕਤਲਕਾਂਡ ਦੇ ਪਿੱਛੇ ਦੀ ਅਸਲ ਵਜ੍ਹਾ, ਕਤਲ ਦੇ ਤਰੀਕੇ ਅਤੇ ਪੂਰੀ ਸਾਜ਼ਿਸ਼ ਦਾ ਰਸਮੀ ਖੁਲਾਸਾ ਕੀਤਾ ਜਾਵੇਗਾ
