ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਕ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਬੋਰਡ ਪ੍ਰੀਖਿਆਵਾਂ ਦੌਰਾਨ ਬਰਾਬਰ ਅੰਕ ਆਉਣ ਦੀ ਸੂਰਤ ਵਿੱਚ ਵਰਤੀ ਜਾਣ ਵਾਲੀ ‘ਜਨਮ ਤਿਥੀ’ (Date of Birth) ਆਧਾਰਿਤ ਟਾਈ-ਬ੍ਰੇਕਰ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ
ਇਹ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਵਿਦਿਆਰਥੀਆਂ ਵੱਲੋਂ ਮਿਲੇ ਸਿੱਧੇ ਫੀਡਬੈਕ ਤੋਂ ਬਾਅਦ ਲਿਆ ਗਿਆ
ਵਿਦਿਆਰਥੀਆਂ ਦੇ ਫੀਡਬੈਕ ‘ਤੇ ਲੱਗੀ ਮੋਹਰ: ਹਰਜੋਤ ਸਿੰਘ ਬੈਂਸ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਸੁਣਦੇ ਹਨ। ਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਸਾਂਝਾ ਕੀਤਾ ਸੀ ਕਿ ਸਖ਼ਤ ਮਿਹਨਤ ਤੋਂ ਬਾਅਦ ਵੀ ਸਿਰਫ਼ ਜਨਮ ਦੀ ਤਰੀਕ (ਉਮਰ ਵਿੱਚ ਵੱਡਾ ਜਾਂ ਛੋਟਾ ਹੋਣ) ਕਾਰਨ ਉਨ੍ਹਾਂ ਦਾ ਰੈਂਕ ਪਿੱਛੇ ਰਹਿ ਜਾਂਦਾ ਸੀ, ਜੋ ਕਿ ਨਾਇਨਸਾਫ਼ੀ ਸੀ
ਸਿੱਖਿਆ ਮੰਤਰੀ ਨੇ ਐਲਾਨ ਕੀਤਾ:
“ਹੁਣ ਬੋਰਡ ਪ੍ਰੀਖਿਆਵਾਂ ਵਿੱਚ ਜੇਕਰ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਦੇ ਬਰਾਬਰ ਅੰਕ ਆਉਂਦੇ ਹਨ, ਤਾਂ ਉਨ੍ਹਾਂ ਸਾਰਿਆਂ ਨੂੰ ਇੱਕੋ ਜਿਹਾ (ਸਮਾਨ) ਰੈਂਕ ਦਿੱਤਾ ਜਾਵੇਗਾ। ਕਿਸੇ ਵੀ ਬੱਚੇ ਦੀ ਯੋਗਤਾ ਨੂੰ ਉਮਰ ਦੇ ਤਰਾਜ਼ੂ ਵਿੱਚ ਨਹੀਂ ਤੋਲਿਆ ਜਾਵੇਗਾ
ਰੱਟਾ ਸਿਸਟਮ ਖ਼ਤਮ: ਹੁਣ ‘ਸਮਝ ਅਤੇ ਯੋਗਤਾ’ ਦੀ ਹੋਵੇਗੀ ਪਰਖ
ਸਿੱਖਿਆ ਪ੍ਰਣਾਲੀ ਵਿੱਚ ਇੱਕ ਹੋਰ ਵੱਡੇ ਸੁਧਾਰ ਦਾ ਜ਼ਿਕਰ ਕਰਦਿਆਂ ਹਰਜੋਤ ਬੈਂਸ ਨੇ ਦੱਸਿਆ ਕਿ ਹੁਣ ਬੋਰਡ ਪ੍ਰੀਖਿਆਵਾਂ ਦੇ ਪੈਟਰਨ ਨੂੰ ਵੀ ਬਦਲਿਆ ਜਾ ਰਿਹਾ ਹੈ।
ਖ਼ਤਮ ਹੋਵੇਗਾ ਰੱਟਾ: ਪ੍ਰੀਖਿਆਵਾਂ ਵਿੱਚੋਂ ਰਵਾਇਤੀ ਰੱਟਾ-ਸਿਸਟਮ ਨੂੰ ਬਾਹਰ ਕੀਤਾ ਜਾਵੇਗਾ। ਪ੍ਰਸ਼ਨ ਪੱਤਰ ਹੁਣ ਇਸ ਤਰ੍ਹਾਂ ਤਿਆਰ ਕੀਤੇ ਜਾਣਗੇ ਜੋ ਵਿਦਿਆਰਥੀਆਂ ਦੀ ਅਸਲ ਸਮਝ, ਸੋਚਣ ਦੀ ਸਮਰੱਥਾ ਅਤੇ ਉਨ੍ਹਾਂ ਦੀ ਯੋਗਤਾ ਨੂੰ ਪਰਖਣਗੇ
ਨਕਲ ਅਤੇ ਪੇਪਰ ਲੀਕ ਵਿਰੁੱਧ ਸਖ਼ਤ ਕਾਰਵਾਈ
ਪ੍ਰੀਖਿਆਵਾਂ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਸਿੱਖਿਆ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ:
ਪ੍ਰੀਖਿਆਵਾਂ ਦੌਰਾਨ ਨਕਲ ਨੂੰ ਰੋਕਣ ਲਈ ਜ਼ੀਰੋ-ਟਾਲਰੈਂਸ ਨੀਤੀ ਅਪਣਾਈ ਜਾਵੇਗੀ। ਪੇਪਰ ਲੀਕ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਦੇ ਅਤਿ-ਆਧੁਨਿਕ ਅਤੇ ਬੇਹੱਦ ਸਖ਼ਤ ਉਪਾਅ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਮਿਹਨਤੀ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ।
