ਕੈਨੇਡਾ ਦੇ ਮਾਂਟਰੀਅਲ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਹਿਰ ਵਿੱਚ ਡੁੱਬਣ ਕਾਰਨ ਪੰਜਾਬ ਦੇ ਦੋ ਗੱਭਰੂਆਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ 23 ਸਾਲਾ ਵਿਸ਼ਾਲਦੀਪ ਸਿੰਘ (ਯੋਗਰਾਜ ਸਿੰਘ ਯੂਵੀ) ਅਤੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਵਿਸ਼ਾਲਦੀਪ ਸਿੰਘ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਨੌਰੰਗਪੁਰ (ਬੁਤਾਲਾ) ਦਾ ਰਹਿਣ ਵਾਲਾ ਸੀ, ਜਦਕਿ ਲਵਪ੍ਰੀਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਨਾਲ ਸਬੰਧਤ ਸੀ।
ਦੋਸਤ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ ਇਹ ਭਾਣਾ ਮਾਂਟਰੀਅਲ ਦੀ ਲਾਚੀਨੇ ਨਹਿਰ (Lachine Canal) ‘ਤੇ ਉਸ ਵੇਲੇ ਵਾਪਰਿਆ ਜਦੋਂ ਅਚਾਨਕ ਪੈਰ ਫਿਸਲਣ ਕਾਰਨ ਯੋਗਰਾਜ ਸਿੰਘ ਨਹਿਰ ਵਿੱਚ ਡਿੱਗ ਗਿਆ। ਉਸ ਨੂੰ ਡੁੱਬਦਾ ਦੇਖ ਕੇ ਦੋਸਤ ਲਵਪ੍ਰੀਤ ਸਿੰਘ ਨੇ ਬਿਨਾਂ ਆਪਣੀ ਪਰਵਾਹ ਕੀਤੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ, ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲਵਪ੍ਰੀਤ ਖੁਦ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ।
ਕੈਨੇਡੀਅਨ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਹਾਦਸੇ ਦੀ ਸੂਚਨਾ ਮਿਲਦੇ ਹੀ ਕੈਨੇਡਾ ਦੇ ਬਚਾਅ ਦਲ ਅਤੇ ਸਥਾਨਕ ਪੁਲਿਸ ਨੇ ਦੇਰ ਰਾਤ ਤੱਕ ਭਾਰੀ ਮੁਸ਼ੱਕਤ ਕੀਤੀ। ਕਈ ਘੰਟਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੋ ਸਾਲ ਪਹਿਲਾਂ ਹੀ ਸੁਪਨੇ ਲੈ ਕੇ ਗਿਆ ਸੀ ਵਿਸ਼ਾਲ ਪਰਿਵਾਰ ਮੁਤਾਬਕ, 23 ਸਾਲਾ ਯੋਗਰਾਜ ਸਿੰਘ (ਵਿਸ਼ਾਲ) ਬੀ.ਏ. ਪਾਸ ਕਰਨ ਤੋਂ ਬਾਅਦ ਅਗਸਤ 2023 ਵਿੱਚ ਸੁਨਹਿਰੀ ਭਵਿੱਖ ਦੀ ਚਾਹਤ ਲੈ ਕੇ ਕੈਨੇਡਾ ਗਿਆ ਸੀ। ਪਹਿਲਾਂ ਉਹ ਬਰੰਪਟਨ ਵਿੱਚ ਇੱਕ ਕੰਪਨੀ ‘ਚ ਕੰਮ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਮਾਂਟਰੀਅਲ ਆਇਆ ਸੀ। ਉਹ ਆਪਣੇ ਪਿੱਛੇ ਮਾਤਾ ਜਸਵੰਤ ਕੌਰ, ਪਿਤਾ ਸੁਖਰਾਜ ਸਿੰਘ ਅਤੇ ਇੱਕ 20 ਸਾਲਾ ਛੋਟਾ ਭਰਾ ਜਸ਼ਨਪ੍ਰੀਤ ਸਿੰਘ (ਜੋ ਦੁਬਈ ਵਿੱਚ ਹੈ) ਛੱਡ ਗਿਆ ਹੈ। ਜਵਾਨ ਪੁੱਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਬੁਤਾਲਾ ਵਿੱਚ ਮਾਤਮ ਛਾ ਗਿਆ ਹੈ।
ਪੀੜਤ ਪਰਿਵਾਰ ਦੀ ਸਰਕਾਰਾਂ ਅਤੇ ਸਮਾਜ ਸੇਵਕਾਂ ਨੂੰ ਗੁਹਾਰ ਇਸ ਮੁਸ਼ਕਿਲ ਘੜੀ ਵਿੱਚ ਮ੍ਰਿਤਕ ਨੌਜਵਾਨ ਦੇ ਰੋਂਦੇ-ਵਿਲਕਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਬੈਠੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹੱਥ ਜੋੜ ਕੇ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਯੋਗਰਾਜ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ (ਪਿੰਡ ਬੁਤਾਲਾ) ਲਿਆਂਦਾ ਜਾਵੇ, ਤਾਂ ਜੋ ਉਹ ਆਪਣੇ ਹੱਥੀਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ।
