ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਮਾਤਾ ਸਾਹਿਬ ਗੁਰਦੁਆਰੇ ਨੇੜੇ ਉਸ ਸਮੇਂ ਹਮਲਾ ਹੋ ਗਿਆ, ਜਦੋਂ ਉਹ ਵੀਰਵਾਰ ਦੁਪਹਿਰ ਕਰੀਬ 1:30 ਵਜੇ ਉੱਥੇ ਮੱਥਾ ਟੇਕਣ ਜਾ ਰਹੇ ਸਨ। ਇੱਕ ਨਿਹੰਗ ਹਮਲਾਵਰ ਨੇ ਕਿਰਪਾਨ ਨਾਲ ਉਨ੍ਹਾਂ ‘ਤੇ ਵਾਰ ਕੀਤਾ, ਜਿਸ ਕਾਰਨ ਉਨ੍ਹਾਂ ਦੇ ਹੱਥ ‘ਤੇ ਗੰਭੀਰ ਸੱਟ ਲੱਗੀ ਹੈ।
ਘਟਨਾ ਦੇ ਸਮੇਂ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਹਮਲੇ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਸਥਿਰ ਅਤੇ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਹੈ। ਮਹਾਰਾਸ਼ਟਰ ਪ੍ਰਸ਼ਾਸਨ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਨਾਲ ਫੋਨ ‘ਤੇ ਗੱਲ ਕਰਕੇ ਸੁਖਬੀਰ ਬਾਦਲ ਦੀ ਸਿਹਤ ਅਤੇ ਖੈਰੀਅਤ ਬਾਰੇ ਪੁੱਛ-ਗਿੱਛ ਕੀਤੀ ਹੈ।
