ਵਾਰਾਣਸੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਚੱਲੀ ਗੋਲੀ, ਦੋ ਜ਼ਖ਼ਮੀ

ਵਾਰਾਣਸੀ: ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਲਗਪਗ 9:30 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਮੁੰਬਈ ਜਾਣ ਵਾਲੀ ਫਲਾਈਟ (ਆਈ. ਐਕਸ-1810) ਰਾਹੀਂ ਆਪਣੀ ਪਤਨੀ ਨਾਲ ਸਫ਼ਰ ਕਰ ਰਹੇ ਆਜ਼ਮਗੜ੍ਹ ਦੇ ਰਹਿਣ ਵਾਲੇ ਕਮਲੇਸ਼ ਰਾਏ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਦਾ ਐਲਾਨ ਕੀਤਾ ਜਾ ਰਿਹਾ ਸੀ।

ਸੁਰੱਖਿਆ ਜਾਂਚ ਅਤੇ ਹਥਿਆਰ ਦੀ ਤਸਦੀਕ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਹਾਦਸੇ ਵਿੱਚ ਏ.ਏ.ਆਈ. ਕਾਰਗੋ ਲੌਜਿਸਟਿਕਸ ਐਂਡ ਅਲਾਇਡ ਸਰਵਿਸਿਜ਼ ਕੰਪਨੀ ਦੇ ਦੋ ਸਕ੍ਰੀਨਰ ਜ਼ਖ਼ਮੀ ਹੋ ਗਏ। ਇੱਕ ਮਹਿਲਾ ਸੁਰੱਖਿਆ ਕਰਮਚਾਰੀ ਦੀ ਲੱਤ ‘ਤੇ ਗੋਲੀ ਲੱਗੀ ਜਦਕਿ ਨੇੜੇ ਖੜ੍ਹੇ ਦੂਜੇ ਕਰਮਚਾਰੀ ਦੇ ਅੰਗੂਠੇ ‘ਤੇ ਸੱਟ ਵੱਜੀ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਨਿਊ ਲਕਸ਼ਮੀ ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਏਅਰਪੋਰਟ ਡਾਇਰੈਕਟਰ ਪੁਨੀਤ ਗੁਪਤਾ, ਗੋਮਤੀ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਅਤੇ ਪਿੰਦਰਾ ਦੇ ਸਹਾਇਕ ਕਮਿਸ਼ਨਰ ਆਫ਼ ਪੁਲਿਸ (ਏ.ਸੀ.ਪੀ.) ਸਮੇਤ ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ।

ਪੁਲਿਸ ਵੱਲੋਂ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹਵਾਈ ਅੱਡੇ ‘ਤੇ ਇਸ ਅਚਾਨਕ ਵਾਪਰੇ ਹਾਦਸੇ ਕਾਰਨ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ।