ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਕੈਨੇਡਾ ਸ਼ੋਅ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਨੇਡਾ ਦੇ ਐਬਟਸਫੋਰਡ ਵਿਖੇ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ, ਐਮੀ ਵਿਰਕ ਐਬਟਸਫੋਰਡ ਦੇ ਰੋਜਰ ਫੋਰਨ ‘ਚ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਬਾਹਰ ਨਿਕਲੇ ਸਨ। ਮੈਕਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਦੇ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਲਗਜ਼ਰੀ ਰੋਲਸ ਰਾਇਸ ਕੁਲੀਨਨ ਗੱਡੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਆਯੋਜਕਾਂ ਨੇ ਸਪੱਸ਼ਟ ਕੀਤਾ ਹੈ ਕਿ ਹਮਲੇ ਸਮੇਂ ਇਸ ਗੱਡੀ ਵਿੱਚ ਖ਼ੁਦ ਪੰਜਾਬੀ ਗਾਇਕ ਐਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ। ਗੱਡੀ ਮਹਿੰਗੀ ਹੋਣ ਅਤੇ ਮਜ਼ਬੂਤ ਬਣਤਰ ਕਾਰਨ ਗੋਲੀਆਂ ਅੰਦਰ ਨਹੀਂ ਪਹੁੰਚ ਸਕੀਆਂ, ਜਿਸ ਨਾਲ ਗੱਡੀ ਵਿੱਚ ਬੈਠੇ ਸਾਰੇ ਲੋਕ ਵਾਲ-ਬਾਲ ਬਚ ਗਏ। ਗੱਡੀ ਨੂੰ ਕੁੱਲ 7 ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੁਕਸਾਨ ਪਿਛਲੇ ਸ਼ੀਸ਼ੇ ‘ਤੇ ਹੋਇਆ ਹੈ। ਰਿਪੋਰਟਾਂ ਮੁਤਾਬਕ ਗੱਡੀ ਵਿੱਚ ਐਮੀ ਵਿਰਕ ਤੋਂ ਇਲਾਵਾ ਸਰੀ ਦਾ ਇੱਕ ਅਜਿਹਾ ਵਿਅਕਤੀ ਵੀ ਮੌਜੂਦ ਸੀ, ਜਿਸ ਉੱਤੇ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਘਟਨਾ ਸਥਾਨ ਤੋਂ ਲਗਭਗ 5 ਕਿਲੋਮੀਟਰ ਦੂਰ ਸੰਨੀ ਸਾਈਡ ਪਲੇਸ ਨੇੜੇ ਵਾਰਦਾਤ ਵਿੱਚ ਵਰਤੀ ਗਈ ਸ਼ੱਕੀ SUV ਨੂੰ ਅੱਗ ਲਾ ਕੇ ਸਾੜ ਦਿੱਤਾ।
ਪੁਲਿਸ ਨੇ ਫਾਇਰਿੰਗ ਅਤੇ ਗੱਡੀ ਨੂੰ ਸਾੜਨ ਦੀ ਇਸ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ, ਨਿੱਜਤਾ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸ ਹਮਲੇ ਦਾ ਅਸਲ ਨਿਸ਼ਾਨਾ ਕੌਣ ਸੀ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
