ਕੈਨੇਡਾ ਤੋਂ ਪੰਜਾਬੀ ਪਰਿਵਾਰ ਡਿਪੋਰਟ, 8 ਸਾਲ ਬਾਅਦ ਭਾਰਤ ਵਾਪਸੀ

ਜਲੰਧਰ : ਕੈਨੇਡਾ ਵਿੱਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਨੂੰ ਲਗਭਗ 8 ਸਾਲ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਪਰਿਵਾਰ ਮੂਲ ਰੂਪ ਵਿੱਚ ਜਲੰਧਰ ਦੇ ਗੁਰਾਇਆ ਇਲਾਕੇ ਨਾਲ ਸਬੰਧਤ ਹੈ ਅਤੇ ਕਿਊਬੈਕ ਵਿੱਚ ਰਹਿ ਰਿਹਾ ਸੀ। ਕੈਨੇਡੀਅਨ ਅਧਿਕਾਰੀਆਂ ਵੱਲੋਂ ਪਹਿਲਾਂ ਪਰਿਵਾਰ ਦੀ ਅਸਾਇਲਮ ਅਰਜ਼ੀ ਰੱਦ ਕੀਤੀ ਗਈ ਅਤੇ ਇਸ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਲਈ ਦਾਇਰ ਕੀਤੀ ਗਈ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਅਰਜ਼ੀ ਵੀ ਮਨਜ਼ੂਰ ਨਹੀਂ ਹੋਈ

ਜਾਣਕਾਰੀ ਮੁਤਾਬਕ ਪਰਿਵਾਰ ਸਾਲ 2018 ਵਿੱਚ ਕੈਨੇਡਾ ਪਹੁੰਚਿਆ ਸੀ। ਇੱਥੇ ਪਰਿਵਾਰ ਦੇ ਮਾਪਿਆਂ ਨੇ ਕੰਮ ਕੀਤਾ, ਟੈਕਸ ਅਦਾ ਕੀਤੇ ਅਤੇ ਆਪਣੇ ਦੋਵੇਂ ਬੱਚਿਆਂ ਦੀ ਪਰਵਰਿਸ਼ ਤੇ ਪੜ੍ਹਾਈ ਕੈਨੇਡਾ ਵਿੱਚ ਹੀ ਕੀਤੀ।

ਅਸਾਇਲਮ ਦਾ ਦਾਅਵਾ ਨਹੀਂ ਹੋਇਆ ਸਵੀਕਾਰ

ਪਰਿਵਾਰ ਵੱਲੋਂ ਕੈਨੇਡਾ ਵਿੱਚ ਅਸਾਇਲਮ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਕੈਨੇਡੀਅਨ ਅਧਿਕਾਰੀਆਂ ਨੇ ਇਹ ਦਾਅਵਾ ਸਵੀਕਾਰ ਨਹੀਂ ਕੀਤਾ ਕਿ ਭਾਰਤ ਵਾਪਸੀ ’ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਮਨੁੱਖੀ ਅਤੇ ਹਮਦਰਦੀ ਦੇ ਆਧਾਰ ’ਤੇ ਕੈਨੇਡਾ ਵਿੱਚ ਰਹਿਣ ਦੀ ਅਰਜ਼ੀ ਵੀ ਦਿੱਤੀ ਗਈ, ਪਰ ਉਹ ਵੀ ਰੱਦ ਹੋ ਗਈ

ਪਰਿਵਾਰ ਦੇ ਮੁਤਾਬਕ ਉਨ੍ਹਾਂ ਨੂੰ 4 ਸਤੰਬਰ ਨੂੰ ਸੂਚਿਤ ਕੀਤਾ ਗਿਆ ਕਿ 7 ਸਤੰਬਰ ਨੂੰ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਨੂੰ ਭਾਰਤ ਭੇਜ ਦਿੱਤਾ ਗਿਆ।

ਪਿਤਾ ਕੈਨੇਡਾ ’ਚ ਕਰਦਾ ਰਿਹਾ ਟਰੱਕ ਡਰਾਈਵਰ ਦੀ ਨੌਕਰੀ

ਪਰਿਵਾਰ ਦੇ ਮੁਖੀ ਹਰੀਸ਼, ਜੋ ਜਲੰਧਰ ਦੇ ਗੁਰਾਇਆ ਨਾਲ ਸਬੰਧਤ ਹਨ, ਨੇ ਕੈਨੇਡਾ ਵਿੱਚ ਕਈ ਸਾਲ ਟਰੱਕ ਡਰਾਈਵਰ ਵਜੋਂ ਕੰਮ ਕੀਤਾ। ਉਨ੍ਹਾਂ ਦੀ ਪਤਨੀ ਨੇ ਵੀ ਨੌਕਰੀ ਕੀਤੀ ਅਤੇ ਇਸ ਦੌਰਾਨ ਦੋਵੇਂ ਬੱਚਿਆਂ ਦੀ ਦੇਖਭਾਲ ਅਤੇ ਪੜ੍ਹਾਈ ਜਾਰੀ ਰੱਖੀ

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਅਰਥਵਿਵਸਥਾ ਵਿੱਚ ਵੀ ਯੋਗਦਾਨ ਪਾਇਆ।

‘ਮੇਰਾ ਬਚਪਨ ਕੈਨੇਡਾ ’ਚ ਬੀਤਿਆ’

ਇਸ ਡਿਪੋਰਟੇਸ਼ਨ ਦਾ ਸਭ ਤੋਂ ਵੱਡਾ ਅਸਰ ਪਰਿਵਾਰ ਦੇ ਦੋਵੇਂ ਬੱਚਿਆਂ ’ਤੇ ਪਿਆ ਹੈ। 14 ਸਾਲਾ ਜਪੇਸ਼ ਅਤੇ 12 ਸਾਲਾ ਗੌਲਾਸ਼ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਹੀ ਬਿਤਾਇਆ ਹੈ।

ਜਪੇਸ਼ ਨੇ ਕਿਹਾ ਕਿ ਉਸ ਦਾ ਬਚਪਨ ਕੈਨੇਡਾ ਵਿੱਚ ਬੀਤਿਆ ਹੈ ਅਤੇ ਉਸ ਦੇ ਦੋਸਤ ਵੀ ਉੱਥੇ ਹੀ ਹਨ। ਉਸ ਨੇ ਭਾਰਤ ਵਾਪਸੀ ਤੋਂ ਬਾਅਦ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਦਾ ਡਰ ਜ਼ਾਹਰ ਕੀਤਾ।

ਦੂਜੇ ਪਾਸੇ 12 ਸਾਲਾ ਗੌਲਾਸ਼ ਨੇ ਕਿਹਾ ਕਿ ਉਸ ਨੂੰ ਅਜਿਹੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਬਾਰੇ ਉਸ ਨੂੰ ਬਹੁਤ ਘੱਟ ਪਤਾ ਹੈ। ਉਸ ਮੁਤਾਬਕ ਜਦੋਂ ਉਸ ਦੇ ਮਾਪੇ ਉਸ ਨੂੰ ਕੈਨੇਡਾ ਲੈ ਕੇ ਆਏ ਸਨ ਤਾਂ ਉਹ ਸਿਰਫ਼ ਚਾਰ ਸਾਲ ਦਾ ਸੀ, ਇਸ ਲਈ ਭਾਰਤ ਨਾਲ ਜੁੜੀਆਂ ਉਸ ਦੀਆਂ ਯਾਦਾਂ ਵੀ ਬਹੁਤ ਘੱਟ ਹਨ।

ਐਕਟੀਵਿਸਟ ਨੇ ਡਿਪੋਰਟੇਸ਼ਨ ’ਤੇ ਚੁੱਕੇ ਸਵਾਲ

ਇਮੀਗ੍ਰੈਂਟ ਵਰਕਰ ਸੈਂਟਰ ਨਾਲ ਜੁੜੇ ਐਕਟੀਵਿਸਟ ਮੁਸਤਫਾ ਹੇਨਾਵੀ ਨੇ ਪਰਿਵਾਰ ਦੀ ਡਿਪੋਰਟੇਸ਼ਨ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰੀਸ਼ ਨੇ ਕੈਨੇਡਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਿਆਂ, ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੌਰਾਨ, ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ

ਐਕਟੀਵਿਸਟ ਨੇ ਖ਼ਾਸ ਤੌਰ ’ਤੇ ਬੱਚਿਆਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਮੁਤਾਬਕ ਬੱਚਿਆਂ ਦਾ ਬਚਪਨ ਕੈਨੇਡਾ ਵਿੱਚ ਬੀਤਿਆ, ਉਨ੍ਹਾਂ ਦੇ ਦੋਸਤ, ਸਮਾਜਿਕ ਰਿਸ਼ਤੇ ਅਤੇ ਜੀਵਨ ਦਾ ਵੱਡਾ ਹਿੱਸਾ ਵੀ ਉੱਥੇ ਹੀ ਬਣਿਆ ਹੈ

ਇਸ ਮਾਮਲੇ ਨੇ ਇੱਕ ਵਾਰ ਫਿਰ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਪਰਿਵਾਰਾਂ ਦੀ ਡਿਪੋਰਟੇਸ਼ਨ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ