ਪੰਜਾਬ ਬਚਾਓ ਰੈਲੀ ਮੁਹਿੰਮ ਨੇ ਜ਼ੋਰ ਫੜਿਆ, ਸੁਖਬੀਰ ਬਾਦਲ ਨੇ ਚਹੁੰ ਮਾਰਗੀ ਪਠਾਨਕੋਟ-ਰੋਪੜ ਐਕਸਪ੍ਰੈਸਵੇਅ ਬਣਾਉਣ ਦਾ ਕੀਤਾ ਐਲਾਨ

ਬਲਾਚੌਰ/12 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਕੰਢੀ ਵਿਕਾਸ ਮੰਤਰਾਲੇ ਦਾ ਗਠਨ ਕਰੇਗੀ ਤਾਂ ਜੋ ਸੂਬੇ ਦੇ ਉਪ ਪਹਾੜੀ ਇਲਾਕਿਆਂ ਦਾ ਸਰਵ ਪੱਖੀ ਵਿਕਾਸ ਕੀਤਾ ਜਾ ਸਕੇ ਅਤੇ ਪਠਾਨਕੋਟ ਤੋਂ ਰੋਪੜ ਤੱਕ ਚਹੁੰ ਮਾਰਗੀ ਐਕਸਪ੍ਰੈਸਵੇਅ ਬਣਾਇਆ ਜਾਵੇਗਾ ਤਾਂ ਜੋ ਖਿੱਤੇ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ।


ਅਕਾਲੀ ਦਲ ਦੇ ਪ੍ਰਧਾਨ, ਜੋ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਪਾਰਟੀ ਦੇ ਸੀਨੀਅਰ ਆਗੂ ਹਨੀ ਟੋਂਸਾ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਸਰਕਾਰ ਦੀ ਦਿਨ ਵੇਲੇ ਮੋਟਰਾਂ ਵਾਸਤੇ 12 ਘੰਟੇ ਬਿਜਲੀ ਸਪਲਾਈ ਕਿਥੇ ਹੈ ਜਿਸਦਾ ਐਲਾਨ ਉਹਨਾਂ ਵਾਰ-ਵਾਰ ਆਪਣੀਆਂ ਸਟੇਜਾਂ ਤੋਂ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਰੋਜ਼ਾਨਾ 10-10 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਵਾਅਦਾ ਕੀਤਾ ਕਿ ਇਕ ਵਾਰ ਮੁੜ ਤੋਂ ਸੂਬੇ ਦੀ ਵਾਗਡੋਰ ਸੰਭਾਲਣ ’ਤੇ ਅਕਾਲੀ ਦਲ ਪੰਜਾਬ ਨੂੰ ਫਿਰ ਤੋਂ ਬਿਜਲੀ ਸਰਪਲੱਸ ਬਣਾਏਗਾ।


ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੰਢੀ ਇਲਾਕੇ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਡੂੰਘੇ ਟਿਊਬਵੈਲ ਲਗਵਾ ਕੇ ਤੁਹਾਡੀਆਂ ਸਿੰਜਾਈ ਜ਼ਰੂਰਤਾਂ ਪੂਰੀਆਂ ਕਰਾਂਗੇ। ਉਹਨਾਂ ਕਿਹਾ ਕਿ ਕੰਢੀ ਨਹਿਰ ਰਾਹੀਂ ਵੀ ਸਿੰਜਾਈ ਸਹੂਲਤਾਂ ਉਪਲਬਧ ਹੋਣਗੀਆਂ ਤੇ ਤੁਪਕਾ ਸਿੰਜਾਈ ਪ੍ਰਣਾਲੀ ਤੇ ਜ਼ਮੀਨਦੋਜ਼ ਪਾਈਪਾਂ ਨਾਲ ਵੀ ਪਾਣੀ ਹਰ ਇਕ ਖੇਤ ਵਿਚ ਪਹੁੰਚਦਾ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨਵਾਂਸ਼ਹਿਰ ਵਿਚ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਇਸ ਸ਼ਹਿਰ ਵਿਚ ਇਕ ਵੈਟਨਰੀ ਕਾਲਜ ਖੋਲ੍ਹਿਆ ਜਾਵੇਗਾ।


ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਜਿਹੜਾ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕੁਝ ਤਾਕਤਾਂ ਸੂਬੇ ਨੂੰ ਮੁੜ ਤੋਂ 1980ਵਿਆਂ ਦੇ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਤਾਕਤਾਂ ਨੇ ਮੇਰੇ ’ਤੇ ਵੀ ਹਮਲੇ ਕਰਵਾਏ ਕਿਉਂਕਿ ਉਹ ਜਾਣਦੀਆਂ ਹਨ ਕਿ ਮੈਂ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਡਟਾਂਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਤੇ ਹਮੇਸ਼ਾ ਸੂਬੇ ਵਿਚ ਹਰ ਭਾਈਚਾਰੇ ਨਾਲ ਡੱਟ ਕੇ ਖੜ੍ਹਾ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟ੍ਰੀਟ ਬਣਵਾਈ ਤਾਂ ਅਸੀਂ ਸ੍ਰੀ ਦੁਰਗਿਆਨਾ ਮੰਦਿਰ ਅਤੇ ਰਾਮ ਤੀਰਥ ਸਥਲ ਦਾ ਸੁੰਦਰੀਕਰਨ ਵੀ ਕੀਤਾ।


ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਲਈ ਕਾਰਜ ਯੋਜਨਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ 4 ਰੁਪਏ ਕਿਲੋ ਦੀ ਦਰ ’ਤੇ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।ਇਸੇ ਤਰੀਕੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਐਸ ਸੀ ਸਕਾਲਰਸ਼ਿਪ ਸਕੀਮ ਸੁਰਜੀਤ ਕੀਤੀ ਜਾਵੇਗੀ ਅਤੇ ਸੂਬਾ ਪਸ਼ੂ ਪਾਲਣ ਪ੍ਰਾਜੈਕਟਾਂ ’ਤੇ 75 ਫੀਸਦੀ ਸਬਸਿਡੀ ਦੇਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਉਦਮੀ ਬਣਨ ਵਾਸਤੇ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਦੁੱਧ ’ਤੇ ਐਮ ਐਸ ਪੀ ਤੈਅ ਕੀਤੀ ਜਾਵੇਗੀ।


ਸਰਦਾਰ ਬਾਦਲ ਨੇ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਵੱਲੋਂ ਇਲਾਕੇ ਵਿਚ ਕੀਤੇ ਕੰਮਾਂ ਨੂੰ ਵੀ ਚੇਤੇ ਕੀਤਾ।


ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁਖਦੀਪ ਸਿੰਘ ਸ਼ੂਕਰ ਅਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ