ਫਿਲਮ ਫੈਸਟੀਵਲ ’ਚ CM ਭਗਵੰਤ ਮਾਨ ਨੇ ਕੀਤੀ ਸ਼ਿਰਕਤ, ਪੰਜਾਬੀ ਸਿਨੇਮੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਲੁਧਿਆਣਾ : ਦੈਨਿਕ ਜਾਗਰਣ ਗਰੁੱਪ ਵੱਲੋਂ ਕਰਵਾਏ ਗਏ ਫਿਲਮ ਫੈਸਟੀਵਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਿਨੇਮਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਕਲਾਕਾਰਾਂ ਦੀ ਵਿਸ਼ਵ ਪੱਧਰ ’ਤੇ ਬਣ ਰਹੀ ਪਛਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸੰਗੀਤ ਅਤੇ ਪੰਜਾਬੀ ਕਲਾਕਾਰਾਂ ਨੇ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਪੰਜਾਬ ਦੀ ਕਲਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਫਿਲਮ ਇੰਡਸਟਰੀ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਊ ਚੰਡੀਗੜ੍ਹ ਦੇ ਨੇੜੇ ਇੱਕ ਆਧੁਨਿਕ ‘ਫਿਲਮ ਸਿਟੀ’ ਬਣਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਫਿਲਮ ਸਿਟੀ ਵਿੱਚ ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਸ਼ੂਟਿੰਗ ਅਤੇ ਪੋਸਟ-ਪ੍ਰੋਡਕਸ਼ਨ ਨਾਲ ਜੁੜੀਆਂ ਆਧੁਨਿਕ ਸਹੂਲਤਾਂ ਵੀ ਉਪਲਬਧ ਕਰਵਾਉਣ ਦਾ ਟੀਚਾ ਹੈ।

CM ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਨਾਲ ਪੰਜਾਬ ਵਿੱਚ ਫਿਲਮ ਅਤੇ ਮਨੋਰੰਜਨ ਉਦਯੋਗ ਨੂੰ ਹੋਰ ਉਤਸ਼ਾਹ ਮਿਲ ਸਕਦਾ ਹੈ ਅਤੇ ਸਥਾਨਕ ਕਲਾਕਾਰਾਂ, ਤਕਨੀਕੀ ਮਾਹਿਰਾਂ ਤੇ ਇਸ ਖੇਤਰ ਨਾਲ ਜੁੜੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮੇ, ਕਲਾ ਅਤੇ ਸੱਭਿਆਚਾਰ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।