ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਅਧੀਨ ਥਾਣਾ ਦਾਖਾ ਦੀ ਹਦੂਦ ਵਿੱਚ ਮੁੱਲਾਂਪੁਰ-ਮਾਜਰੀ ਲਿੰਕ ਸੜਕ ’ਤੇ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਡੀ ਖਾਨ ਵਾਸੀ ਰਵਿਦਾਸ ਨਗਰ, ਮੰਡੀ ਮੁੱਲਾਂਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਲਾਡੀ ਖਾਨ ਆਪਣੇ ਸਾਥੀ ਮਨਪ੍ਰੀਤ ਸਿੰਘ ਨਾਲ ਆਈ-20 ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਆਪਣੀ ਕਾਰ ਉਨ੍ਹਾਂ ਦੀ ਕਾਰ ਦੇ ਬਰਾਬਰ ਲਗਾ ਲਈ ਅਤੇ ਗੋਲੀਬਾਰੀ ਕੀਤੀ। ਗੋਲੀਬਾਰੀ ਵਿੱਚ ਲਾਡੀ ਖਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਦਾਖਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮ੍ਰਿਤਕ ਦੇ ਸਾਥੀ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵਰਨਾ ਕਾਰ ਸਵਾਰ ਹਰਪ੍ਰੀਤ ਸਿੰਘ ਹੈਪੀ ਅਤੇ ਹਰਸ਼ਦੀਪ ਸਿੰਘ, ਵਾਸੀ ਮਾਜਰੀ, ਸਮੇਤ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 103(1), 109, 191(3), 190 ਅਤੇ 61(2) ਸਮੇਤ ਅਸਲਾ ਐਕਟ ਦੀਆਂ ਧਾਰਾਵਾਂ 25, 27, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਗੋਲੀਬਾਰੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
