ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 15 ਕਿਲੋ ਅਫੀਮ, ਅਮਰੀਕਾ ਵਿੱਚ ਬਣੀ ਇੱਕ ਮੋਡੀਫਾਈਡ ਐਮ-16 ਰਾਈਫਲ, ਨੌਂ ਵਿਦੇਸ਼ੀ ਪਿਸਤੌਲ ਅਤੇ 25 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ, ਅਪਰਾਧਿਕ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਇੱਕ ਐੱਚਐੱਫ ਡਿਲਕਸ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ।
ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਹੋਏ ਸਨ। ਪੁਲਿਸ ਵੱਲੋਂ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪਹਿਲੀ ਕਾਰਵਾਈ: 15 ਕਿਲੋ ਅਫੀਮ ਅਤੇ ਐਮ-16 ਰਾਈਫਲ ਬਰਾਮਦ
ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਥਾਣਾ ਘਰਿੰਡਾ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮਲਕੀਤ ਸਿੰਘ ਉਰਫ਼ ਮੀਤਾ (32), ਵਾਸੀ ਮੰਝ, ਅੰਮ੍ਰਿਤਸਰ ਅਤੇ ਗੁਰਜੀਤ ਸਿੰਘ (32), ਵਾਸੀ ਸਾਰੰਗੜਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ।
ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 15 ਕਿਲੋ ਅਫੀਮ ਅਤੇ ਅਮਰੀਕਾ ਵਿੱਚ ਬਣੀ ਇੱਕ ਮੋਡੀਫਾਈਡ ਐਮ-16 ਰਾਈਫਲ ਬਰਾਮਦ ਕੀਤੀ। ਮੁੱਢਲੀ ਜਾਂਚ ਅਨੁਸਾਰ, ਦੋਵਾਂ ਮੁਲਜ਼ਮਾਂ ਕੋਲ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਦੇ ਨਾਲ ਲੱਗਦੀ ਲਗਭਗ 10 ਤੋਂ 15 ਕਿੱਲੇ ਖੇਤੀਬਾੜੀ ਜ਼ਮੀਨ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਜ਼ਮੀਨ ਦੀ ਵਰਤੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹੋਰ ਖੇਪਾਂ ਪ੍ਰਾਪਤ ਕਰਨ ਲਈ ਕੀਤੀ ਜਾ ਰਹੀ ਸੀ।
ਦੂਜੀ ਕਾਰਵਾਈ: ਨੌਂ ਵਿਦੇਸ਼ੀ ਪਿਸਤੌਲ ਅਤੇ 25 ਕਾਰਤੂਸ ਜ਼ਬਤ
ਦੂਜੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਆਈਜੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਦਾਣਾ ਮੰਡੀ, ਲੋਪੋਕੇ ਨੇੜੇ ਘੇਰਾਬੰਦੀ ਕਰਕੇ ਅੰਮ੍ਰਿਤਪਾਲ ਸਿੰਘ (26) ਅਤੇ ਸਤਨਾਮ ਸਿੰਘ (29), ਦੋਵੇਂ ਵਾਸੀ ਪਿੰਡ ਕੱਕੜ ਕਲਾਂ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ।
ਮੌਕੇ ’ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਪੰਜ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ। ਬਾਅਦ ਵਿੱਚ ਪੁੱਛਗਿੱਛ ਦੇ ਆਧਾਰ ’ਤੇ ਚਾਰ ਹੋਰ ਪਿਸਤੌਲ ਬਰਾਮਦ ਕੀਤੇ ਗਏ। ਇਸ ਤਰ੍ਹਾਂ ਕੁੱਲ ਨੌਂ ਪਿਸਤੌਲ ਅਤੇ 25 ਜਿੰਦਾ ਕਾਰਤੂਸ ਪੁਲਿਸ ਦੇ ਹੱਥ ਲੱਗੇ। ਮੁਲਜ਼ਮਾਂ ਵੱਲੋਂ ਵਰਤਿਆ ਜਾ ਰਿਹਾ ਐੱਚਐੱਫ ਡਿਲਕਸ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ।
ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨੌਂ ਪਿਸਤੌਲਾਂ ਵਿੱਚ ਦੋ ਜ਼ਿਗਾਣਾ, ਛੇ .30 ਬੋਰ ਅਤੇ ਇੱਕ .32 ਬੋਰ ਦਾ ਪਿਸਤੌਲ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਛੇਹਰਟਾ ਵਿੱਚ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਦੋਵਾਂ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਸੰਭਾਵੀ ਤਸਕਰੀ ਨੈੱਟਵਰਕ, ਹਥਿਆਰਾਂ ਦੀ ਸਪਲਾਈ ਦੇ ਸਰੋਤਾਂ ਅਤੇ ਹੋਰ ਸਬੰਧਤ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
