ਕਾਠਮੰਡੂ: ਨੇਪਾਲ ਦੇ ਸੋਲੁਖੁੰਬੂ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਦੋ ਹੈਲੀਕਾਪਟਰਾਂ ਦੀ ਆਪਸੀ ਟੱਕਰ ਹੋਣ ਕਾਰਨ ਇਕ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇਕ ਹੋਰ ਯਾਤਰੀ ਸਮੇਤ ਦੋਵੇਂ ਹੈਲੀਕਾਪਟਰਾਂ ਦੇ ਪਾਇਲਟ ਜ਼ਖ਼ਮੀ ਹੋ ਗਏ। ਭਾਰਤੀ ਦੂਤਘਰ ਨੇ ਮ੍ਰਿਤਕ ਦੀ ਦੇਹ ਨੂੰ ਜਲਦ ਭਾਰਤ ਲਿਆਉਣ ਲਈ ਨੇਪਾਲੀ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ।
ਨੇਪਾਲ ਪੁਲਿਸ ਮੁਤਾਬਕ ਇਹ ਹਾਦਸਾ ਸੋਲੁਖੁੰਬੂ ਜ਼ਿਲ੍ਹੇ ਦੀ ਖੁੰਬੂ ਪਸਾਂਗ ਲਾਹਮੂ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ-4 ਅਧੀਨ ਆਉਂਦੇ ਫੇਰੀਚੇ ਇਲਾਕੇ ’ਚ ਵਾਪਰਿਆ। ਇੱਥੇ ਲੈਂਡਿੰਗ ਕਰਦੇ ਸਮੇਂ ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਸਵੇਰੇ ਕਰੀਬ 8:11 ਵਜੇ ਆਪਸ ’ਚ ਟਕਰਾ ਗਏ। ਦੋਵੇਂ ਹੈਲੀਕਾਪਟਰ ਲੁਕਲਾ ਹਵਾਈ ਅੱਡੇ ਤੋਂ ਉਡਾਣ ਭਰ ਕੇ ਆਏ ਸਨ।
ਸੋਲੁਖੁੰਬੂ ਜ਼ਿਲ੍ਹਾ ਪੁਲਿਸ ਦਫ਼ਤਰ ਅਨੁਸਾਰ, ਹਾਦਸੇ ’ਚ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕ ਦੀ ਪਛਾਣ ਵਸੰਤ ਕੁਮਾਰ ਬਲਾਰਾਮਾਰਾਮਾਦੂ ਵਜੋਂ ਹੋਈ ਹੈ। ਉਹ ਫਿਸ਼ਟੇਲ ਏਅਰ ਦੇ ਹੈਲੀਕਾਪਟਰ ’ਚ ਸਵਾਰ ਸਨ। ਇਸੇ ਹੈਲੀਕਾਪਟਰ ’ਚ ਮੌਜੂਦ 49 ਸਾਲਾ ਸ਼ੈਲੇਸ਼ ਕ੍ਰਿਸ਼ਨਾ ਪਟੇਲ ਵੀ ਜ਼ਖ਼ਮੀ ਹੋਏ ਹਨ। ਉਹ ਨਿਊਜ਼ੀਲੈਂਡ ਦੇ ਵਸਨੀਕ ਹਨ ਅਤੇ ਮੂਲ ਰੂਪ ’ਚ ਭਾਰਤੀ ਹਨ। ਪੁਲਿਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਜ਼ਖ਼ਮੀ ਯਾਤਰੀ ਨੂੰ ਪ੍ਰਭੂ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ।
ਇਸ ਹਾਦਸੇ ’ਚ ਦੋਵੇਂ ਹੈਲੀਕਾਪਟਰਾਂ ਦੇ ਨੇਪਾਲੀ ਪਾਇਲਟ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ ਦੀ ਪਛਾਣ ਫਿਸ਼ਟੇਲ ਏਅਰ ਦੇ ਰਬਿੰਦਰ ਪ੍ਰਜਾਪਤੀ ਅਤੇ ਏਅਰ ਡਾਇਨੈਸਟੀ ਦੇ ਪ੍ਰਜਵਲ ਕੇ.ਸੀ. ਵਜੋਂ ਹੋਈ ਹੈ।
ਕਾਠਮੰਡੂ ਸਥਿਤ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਬਿਆਨ ਜਾਰੀ ਕਰਦਿਆਂ ਭਾਰਤੀ ਨਾਗਰਿਕ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਦੂਤਘਰ ਨੇ ਕਿਹਾ ਕਿ ਮ੍ਰਿਤਕ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਸਬੰਧਤ ਨੇਪਾਲੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਫਿਲਹਾਲ ਹਾਦਸੇ ਸਮੇਂ ਦੋਵਾਂ ਹੈਲੀਕਾਪਟਰਾਂ ’ਚ ਸਵਾਰ ਯਾਤਰੀਆਂ ਦੀ ਕੁੱਲ ਗਿਣਤੀ ਬਾਰੇ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
