ਸ਼ਾਮ 7 ਵਜੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ, ਇਸ ਤੋਂ ਪਹਿਲਾਂ 4:30 ਵਜੇ ਕਾਂਸੀ ਦੇ ਤਗ਼ਮੇ ਲਈ ਕੋਰੀਆ ਤੇ ਮਲੇਸ਼ੀਆ ਹੋਣਗੇ ਆਹਮੋ-ਸਾਹਮਣੇ
ਮੋਹਾਲੀ: 9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਨੂੰ ਲੈ ਕੇ ਪੰਜਾਬ ਵਿੱਚ ਖੇਡ ਪ੍ਰੇਮੀਆਂ ਦਾ ਉਤਸ਼ਾਹ ਵਧ ਗਿਆ ਹੈ। ਅੱਜ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਖ਼ਿਤਾਬ ਜਿੱਤਣ ਲਈ ਮੈਦਾਨ ਵਿੱਚ ਉਤਰਨਗੀਆਂ। ਇਹ ਅਹਿਮ ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਫਾਈਨਲ ਤੋਂ ਪਹਿਲਾਂ ਤੀਜੇ ਸਥਾਨ ਲਈ ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਵਿਚਾਲੇ ਟੱਕਰ ਹੋਵੇਗੀ। ਇਹ ਮੈਚ ਸ਼ਾਮ 4:30 ਵਜੇ ਖੇਡਿਆ ਜਾਵੇਗਾ, ਜਿਸ ਵਿੱਚ ਦੋਵੇਂ ਟੀਮਾਂ ਕਾਂਸੀ ਦਾ ਤਗ਼ਮਾ ਆਪਣੇ ਨਾਮ ਕਰਨ ਲਈ ਜ਼ੋਰ ਲਗਾਉਣਗੀਆਂ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਦੇ ਹਾਕੀ ਪ੍ਰੇਮੀਆਂ ਨੂੰ ਮੈਚ ਦੇਖਣ ਲਈ ਸਟੇਡੀਅਮ ਪਹੁੰਚਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਸਮੇਤ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ। ਬਲਤੇਜ ਪੰਨੂ ਨੇ ਹਾਕੀ ਨੂੰ ਪੰਜਾਬ ਦੀ ਮਿੱਟੀ ਨਾਲ ਜੁੜੀ ਖੇਡ ਦੱਸਦਿਆਂ ਕਿਹਾ ਕਿ ਆਓ, ਪੰਜਾਬ ਦੀ ਇਸ ਮਾਣਮੱਤੀ ਖੇਡ ਦੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਪਹੁੰਚੀਏ।
ਹੁਣ ਸਭ ਦੀਆਂ ਨਜ਼ਰਾਂ ਸ਼ਾਮ ਨੂੰ ਹੋਣ ਵਾਲੇ ਭਾਰਤ ਅਤੇ ਜਾਪਾਨ ਦੇ ਫਾਈਨਲ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ। ਭਾਰਤੀ ਟੀਮ ਦੇ ਸਮਰਥਨ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ।
