ਬ੍ਰਿਟੇਨ ਵਿੱਚ ਸਿੱਖ ਨੌਜਵਾਨ ਦੀ ਉਮਰ ਕੈਦ ਦੀ ਸਜ਼ਾ ਵਧੀ, ਹੁਣ 25 ਸਾਲ ਬਾਅਦ ਮਿਲ ਸਕੇਗੀ ਪੈਰੋਲ

ਲੰਡਨ: ਬ੍ਰਿਟੇਨ ਦੀ ਅਦਾਲਤ ਨੇ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 23 ਸਾਲਾ ਵਿਕਰਮ ਦਿਗਵਾ ਦੀ ਉਮਰ ਕੈਦ ਦੀ ਸਜ਼ਾ ਦੀ ਘੱਟੋ-ਘੱਟ ਮਿਆਦ ਵਧਾ ਦਿੱਤੀ ਹੈ। ਹੁਣ ਉਸ ਨੂੰ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 25 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਪਹਿਲਾਂ ਅਦਾਲਤ ਨੇ ਇਹ ਮਿਆਦ 21 ਸਾਲ ਨਿਰਧਾਰਤ ਕੀਤੀ ਸੀ।

ਵਿਕਰਮ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਘਟਨਾ ਸਮੇਂ ਨੋਵਾਕ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਪੋਰਟਸਵੁੱਡ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਦਿਗਵਾ ਨੇ ਉਸ ’ਤੇ ਚਾਕੂ ਨਾਲ ਪੰਜ ਵਾਰ ਹਮਲਾ ਕੀਤਾ ਸੀ।

ਦਿਗਵਾ ਨੂੰ ਜੂਨ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਦੀ ਸੰਭਾਵਨਾ ਤੋਂ ਪਹਿਲਾਂ 21 ਸਾਲ ਜੇਲ੍ਹ ਕੱਟਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਅਦਾਲਤੀ ਫ਼ੈਸਲੇ ਤਹਿਤ ਇਹ ਮਿਆਦ ਵਧਾ ਕੇ 25 ਸਾਲ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਦਿਗਵਾ ਨੇ ਆਪਣੀ ਦੋਸ਼ਸਿੱਧੀ ਵਿਰੁੱਧ ਵੀ ਅਪੀਲ ਦਾਇਰ ਕੀਤੀ ਹੋਈ ਹੈ, ਜਿਸ ’ਤੇ ਵੱਖਰੇ ਤੌਰ ’ਤੇ ਸੁਣਵਾਈ ਹੋਵੇਗੀ।

ਕਿਰਪਾਨ ਨੂੰ ਸਵੈ-ਰੱਖਿਆ ਦਾ ਆਧਾਰ ਬਣਾਉਣ ’ਤੇ ਉੱਠਿਆ ਸੀ ਵਿਵਾਦ

ਇਹ ਮਾਮਲਾ ਕਤਲ ਦੀ ਘਟਨਾ ਦੇ ਨਾਲ-ਨਾਲ ਧਾਰਮਿਕ ਕਿਰਪਾਨ ਦੀ ਵਰਤੋਂ ਨੂੰ ਲੈ ਕੇ ਵੀ ਚਰਚਾ ਵਿੱਚ ਰਿਹਾ। ਦਿਗਵਾ ਨੇ ਅਦਾਲਤ ਵਿੱਚ ਆਪਣਾ ਬਚਾਅ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੇ ਸਵੈ-ਰੱਖਿਆ ਲਈ ਕਿਰਪਾਨ ਦੀ ਵਰਤੋਂ ਕੀਤੀ ਸੀ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿੱਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਤਹਿਤ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਛੋਟ ਪ੍ਰਾਪਤ ਹੈ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਚਿੰਤਾ ਪ੍ਰਗਟਾਈ ਸੀ ਕਿ ਕਿਰਪਾਨ ਦੀ ਗ਼ਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਹੋ ਸਕਦਾ ਹੈ।

ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਇਸ ਮਾਮਲੇ ਵਿੱਚ ਧਾਰਮਿਕ ਪ੍ਰਤੀਕ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਦੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਕਿਸੇ ਅਪਰਾਧ ਨੂੰ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ।

ਦੋਸ਼ੀ ਦੀ ਮਾਂ ਨੂੰ ਵੀ ਤਿੰਨ ਸਾਲ ਦੀ ਕੈਦ

ਇਸ ਮਾਮਲੇ ਵਿੱਚ ਵਿਕਰਮ ਦਿਗਵਾ ਦੀ ਮਾਂ ਕਿਰਨ ਕੌਰ ਨੂੰ ਵੀ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਭਾਰਤ ਵਿੱਚ ਜਨਮੀ 53 ਸਾਲਾ ਕਿਰਨ ਕੌਰ ਨੂੰ ਅਪਰਾਧੀ ਦੀ ਮਦਦ ਕਰਨ ਅਤੇ ਜਾਂਚ ਵਿੱਚ ਰੁਕਾਵਟ ਪਾਉਣ ਦਾ ਦੋਸ਼ੀ ਪਾਇਆ ਗਿਆ ਸੀ।

ਅਦਾਲਤ ਮੁਤਾਬਕ, ਉਸ ਨੇ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਟਨਾ ਵਾਲੀ ਥਾਂ ਤੋਂ ਹਟਾਉਣ ਵਿੱਚ ਮਦਦ ਕੀਤੀ ਸੀ, ਤਾਂ ਜੋ ਪੁਲੀਸ ਜਾਂਚ ਪ੍ਰਭਾਵਿਤ ਹੋ ਸਕੇ।

ਸਜ਼ਾ ਸੁਣਾਉਂਦੇ ਸਮੇਂ ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਸੀ ਕਿ ਸਿੱਖ ਧਰਮ ਵਿੱਚ ਕਿਰਪਾਨ ਆਸਥਾ ਅਤੇ ਧਾਰਮਿਕ ਪਛਾਣ ਦਾ ਪ੍ਰਤੀਕ ਹੈ, ਜਿਸ ਨੂੰ ਕਿਸੇ ’ਤੇ ਹਮਲਾ ਕਰਨ ਲਈ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਅਨੁਸਾਰ, ਸਵੈ-ਰੱਖਿਆ ਲਈ ਇਸ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਸਤੇ ਖ਼ਤਰਾ ਬੇਹੱਦ ਗੰਭੀਰ ਅਤੇ ਤੁਰੰਤ ਹੋਣਾ ਲਾਜ਼ਮੀ ਹੈ।

ਇਸ ਕਤਲ ਦੀ ਘਟਨਾ ਤੋਂ ਬਾਅਦ ਸਾਊਥੈਂਪਟਨ ਵਿੱਚ ਵੱਖ-ਵੱਖ ਭਾਈਚਾਰਿਆਂ ਦਰਮਿਆਨ ਤਣਾਅ ਦੀ ਸਥਿਤੀ ਵੀ ਪੈਦਾ ਹੋ ਗਈ ਸੀ। ਇਸ ਤੋਂ ਇਲਾਵਾ ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਪੁਲੀਸ ਦੇ ਅਧਿਕਾਰੀ ਵੀ ਦੋਹਰੇ ਮਾਪਦੰਡਾਂ ਤਹਿਤ ਕਾਰਵਾਈ ਕਰਨ ਦੇ ਦੋਸ਼ਾਂ ਨੂੰ ਲੈ ਕੇ ਸੁਤੰਤਰ ਪੁਲੀਸ ਸ਼ਿਕਾਇਤ ਨਿਗਰਾਨ ਸੰਸਥਾ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਸਨ।