ਚੰਡੀਗੜ੍ਹ: ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ED ਦੀ ਕਰੀਬ 42 ਘੰਟੇ ਤੱਕ ਚੱਲੀ ਛਾਪੇਮਾਰੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ‘ਤੇ ਭਾਜਪਾ ਨੂੰ ਘੇਰਦਿਆਂ ਗੰਭੀਰ ਦੋਸ਼ ਲਗਾਏ ਹਨ।
ਹਰਪਾਲ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ED ਦੀ 42 ਘੰਟੇ ਚੱਲੀ ਕਾਰਵਾਈ ਦੌਰਾਨ ਵਿਧਾਇਕ ਦੇ ਘਰੋਂ ਕੁਝ ਵੀ ਹੱਥ ਨਹੀਂ ਲੱਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਛਾਪੇਮਾਰੀ ਦੌਰਾਨ ਡਾ. ਅਮਨਦੀਪ ਅਰੋੜਾ ਨੂੰ ਵਾਰ-ਵਾਰ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਵੱਡੇ ਅਹੁਦਿਆਂ ਦੇ ਲਾਲਚ ਦਿੱਤੇ ਗਏ
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਥਿਤ ਲਾਲਚਾਂ ਅਤੇ ਦਬਾਅ ਦੇ ਬਾਵਜੂਦ ‘ਆਪ’ ਵਿਧਾਇਕ ਆਪਣੇ ਸਿਧਾਂਤਾਂ ਅਤੇ ਇਮਾਨਦਾਰੀ ‘ਤੇ ਡਟੇ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਡਰਾਉਣ, ਲਾਲਚ ਦੇਣ ਅਤੇ ਦਬਾਅ ਬਣਾਉਣ ਦੀ ਰਾਜਨੀਤੀ ਅੱਗੇ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਝੁਕਣ ਵਾਲਾ ਨਹੀਂ ਹੈ
ਹਰਪਾਲ ਸਿੰਘ ਚੀਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਾਰਟੀ ਸੱਚ ਅਤੇ ਸਿਧਾਂਤਾਂ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਜਾਰੀ ਰੱਖੇਗੀ। ਇਸ ਬਿਆਨ ਨਾਲ ਪੰਜਾਬ ਵਿੱਚ ED ਦੀ ਕਾਰਵਾਈ ਨੂੰ ਲੈ ਕੇ ਸਿਆਸੀ ਬਹਿਸ ਹੋਰ ਤੇਜ਼ ਹੋਣ ਦੇ ਆਸਾਰ ਹਨ
ਜ਼ਿਕਰਯੋਗ ਹੈ ਕਿ ਹਰਪਾਲ ਚੀਮਾ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਅਤੇ ਛਾਪੇਮਾਰੀ ਦੇ ਨਤੀਜਿਆਂ ਬਾਰੇ ED ਜਾਂ ਭਾਜਪਾ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਸਥਿਤੀ ਹੋਰ ਸਪੱਸ਼ਟ ਹੋ ਸਕੇਗੀ
