ਆਪਸ 'ਚ ਟਕਰਾਈਆਂ ਕਾਰਾਂ ਤੇ ਟਰੱਕ, 11 ਲੋਕਾਂ ਦੀ ਮੌਤ, 50 ਜ਼ਖਮੀ - Punjab Nation TV

ਆਪਸ ‘ਚ ਟਕਰਾਈਆਂ ਕਾਰਾਂ ਤੇ ਟਰੱਕ, 11 ਲੋਕਾਂ ਦੀ ਮੌਤ, 50 ਜ਼ਖਮੀ

ਬੁਲਗਾਰੀਆ: ਯੂਰਪੀ ਦੇਸ਼ ਬੁਲਗਾਰੀਆ ਤੋਂ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਹਾਈਵੇਅ ‘ਤੇ ਕਈ ਕਾਰਾਂ ਅਤੇ ਟਰੱਕਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 50 ਹੋਰ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਬੁਲਗਾਰੀਆ ਦੇ A1 ਮੋਟਰਵੇਅ ‘ਤੇ ਵਾਪਰਿਆ, ਜੋ ਦੇਸ਼ ਦੀ ਰਾਜਧਾਨੀ ਸੋਫੀਆ ਨੂੰ ਪੂਰਬੀ ਸ਼ਹਿਰ ਬੁਰਗਾਸ ਨਾਲ ਜੋੜਦਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।


6 ਲੇਨਾਂ ‘ਤੇ ਮਚੀ ਹਫੜਾ-ਦਫੜੀ, ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ


ਯਾਮਬੋਲ ਦੇ ਨੇੜੇ ਵਾਪਰੇ ਇਸ ਹਾਦਸੇ ਦੀਆਂ ਤਸਵੀਰਾਂ ਕਾਫ਼ੀ ਭਿਆਨਕ ਹਨ। ਸਾਹਮਣੇ ਆਈਆਂ ਤਸਵੀਰਾਂ ਵਿੱਚ ਹਾਈਵੇਅ ਦੀਆਂ ਛੇ ਲੇਨਾਂ ‘ਤੇ ਕਾਰਾਂ ਅਤੇ ਟਰੱਕਾਂ ਦਾ ਮਲਬਾ ਖਿੱਲਰਿਆ ਦਿਖਾਈ ਦੇ ਰਿਹਾ ਹੈ। ਕਈ ਵਾਹਨ ਬੁਰੀ ਤਰ੍ਹਾਂ ਪਿਚਕੇ ਹੋਏ ਹਨ, ਜਦਕਿ ਕੁਝ ਸੜਕ ‘ਤੇ ਪਲਟੇ ਹੋਏ ਅਤੇ ਕੁਝ ਹਾਈਵੇਅ ਤੋਂ ਬਾਹਰ ਜਾ ਡਿੱਗੇ।

ਬੁਲਗਾਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ, ਹਾਦਸੇ ਵਿੱਚ ਜ਼ਖਮੀ ਹੋਏ 50 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੁਝ ਲੋਕ ਆਪਣੇ ਵਾਹਨਾਂ ਅੰਦਰ ਵੀ ਫਸੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਟੀਮਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ।


ਸੰਘਣੀ ਧੁੰਦ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ


ਬੁਲਗਾਰੀਆ ਦੇ ਗ੍ਰਹਿ ਮੰਤਰਾਲੇ ਦੇ ਜਨਰਲ ਸਕੱਤਰ ਲਿਊਬੋਮੀਰ ਨਿਕੋਲੋਵ ਨੇ ਹਾਦਸੇ ਵਾਲੀ ਥਾਂ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਇਸ ਵੱਡੇ ਹਾਦਸੇ ਦਾ ਕਾਰਨ ਹੋ ਸਕਦੀ ਹੈ।

ਉਨ੍ਹਾਂ ਮੁਤਾਬਕ, ਹਾਦਸੇ ਦੀ ਸ਼ੁਰੂਆਤ ਬੁਰਗਾਸ ਵੱਲ ਜਾਣ ਵਾਲੀ ਸੜਕ ‘ਤੇ ਇੱਕ ਬੱਸ ਅਤੇ ਟਰੱਕ ਦੀ ਟੱਕਰ ਨਾਲ ਹੋਈ। ਇਸ ਤੋਂ ਬਾਅਦ ਕਈ ਹੋਰ ਵਾਹਨ ਵੀ ਇੱਕ-ਦੂਜੇ ਨਾਲ ਟਕਰਾ ਗਏ ਅਤੇ ਦੇਖਦੇ ਹੀ ਦੇਖਦੇ ਹਾਈਵੇਅ ‘ਤੇ ਵਾਹਨਾਂ ਦਾ ਵੱਡਾ ਜਮਾਵੜਾ ਲੱਗ ਗਿਆ।

ਯਾਮਬੋਲ ਖੇਤਰੀ ਪੁਲਿਸ ਵਿਭਾਗ ਦੇ ਮੁੱਖ ਇੰਸਪੈਕਟਰ ਟੋਡੋਰ ਮਿਸ਼ੀਨੇਵ ਨੇ ਦੱਸਿਆ ਕਿ ਕੁਝ ਲੋਕ ਅਜੇ ਵੀ ਆਪਣੇ ਵਾਹਨਾਂ ਵਿੱਚ ਫਸੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣਾ ਹੈ। ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਹਾਦਸੇ ਦੀ ਜਾਂਚ ਕੀਤੀ ਜਾਵੇਗੀ।


ਪ੍ਰਧਾਨ ਮੰਤਰੀ ਨੇ ਹਾਦਸੇ ਨੂੰ ਦੱਸਿਆ ‘ਦੁਖਦਾਈ ਤ੍ਰਾਸਦੀ’


ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰਾਦੇਵ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ਨੂੰ ਇੱਕ ਵੱਡੀ ਤ੍ਰਾਸਦੀ ਕਰਾਰ ਦਿੱਤਾ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਜਹਾਜ਼ ਤਾਇਨਾਤ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਨੇ ਖੁਦ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ।

ਇਸ ਦੌਰਾਨ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਹ ਇਨ੍ਹਾਂ ਦਿਨਾਂ ਬੁਲਗਾਰੀਆ ਦੇ ਦੌਰੇ ‘ਤੇ ਸਨ, ਪਰ ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਆਪਣਾ ਦੌਰਾ ਸਮੇਂ ਤੋਂ ਪਹਿਲਾਂ ਖਤਮ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ