ਪੰਜਾਬ ਵਿੱਚ ਚੱਲ ਰਹੇ ਗੈਰ-ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ, ਏਜੰਸੀਆਂ ਤੇ ਕਰਾਂਗੇ ਸ਼ਖਤ ਕਾਰਵਾਈ: ਕੁਲਦੀਪ ਧਾਲੀਵਾਲ

ਚੰਡੀਗੜ੍ਹ- ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਸ਼ਿਕੰਜਾ ਕੱਸਣ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਨ ਮਗਰੋਂ ਦੱਸਿਆ ਕਿ ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3547 ਦੀ ਚੈਕਿੰਗ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ 271 ਸੰਸਥਾਵਾਂ ਗ਼ੈਰ ਕਾਨੂੰਨੀ ਪਾਈਆਂ ਗਈਆਂ ਹਨ ਅਤੇ 25 ‘ਤੇ ਐਫ਼.ਆਰ.ਆਈ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ ਮਿਲਣੀ ਸਮਾਗਮਾਂ ਦੌਰਾਨ ਪ੍ਰਾਪਤ ਕੁੱਲ 609 ਸ਼ਿਕਾਇਤਾਂ ਵਿੱਚੋਂ 588 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਬਕਾਇਆ 21 ਮਾਮਲੇ ਕਾਰਵਾਈ ਅਧੀਨ ਹਨ। ਉਨ੍ਹਾਂ ਕਿਹਾ ਕਿ ਜੋ ਸੰਸਥਾਵਾਂ, ਏਜੰਸੀਆਂ ਸਹੀ ਤਰੀਕੇ ਨਾਲ ਭਾਵ ਕਾਨੂੰਨ ਅਤੇ ਨਿਰਧਾਰਿਤ ਸ਼ਰਤਾਂ ਤਹਿਤ ਕੰਮ ਕਰਨ ਦੀਆਂ ਇਛੁੱਕ ਹਨ, ਉਨ੍ਹਾਂ ਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਜਾਵੇਗਾ।