ਮਾਛੀਵਾਡ਼ਾ: ਪਿੰਡ ਪਵਾਤ ਵਿਖੇ ਕੱਲ੍ਹ ਰਾਤ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 11 ਸਾਲਾ ਅਨੁਪਮ ਅਤੇ 8 ਸਾਲਾ ਸੁਰਭੀ ਵਜੋਂ ਹੋਈ ਹੈ ਜੋ ਸਕੂਲ ਵਿੱਚ ਪੜ੍ਹਦੀਆਂ ਸਨ।
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਆਪਣੇ 6 ਬੱਚਿਆਂ ਸਮੇਤ ਪਿਛਲੇ ਕੁਝ ਸਾਲਾਂ ਤੋਂ ਖੇਤਾਂ ਵਿਚ ਮੋਟਰ ਕੋਲ ਬਣੀ ਝੁੱਗੀਆਂ ਵਿੱਚ ਰਹਿ ਰਹੇ ਸਨ। ਕੱਲ੍ਹ ਰਾਤ ਖਾਣੇ ਤੋਂ ਬਾਅਦ ਦੋਵੇਂ ਭੈਣਾਂ ਮੋਟਰ ਵਾਲੇ ਕਮਰੇ ਦੀ ਛੱਤ ਉੱਤੇ ਸੌਣ ਚੜ੍ਹ ਗਈਆਂ। ਰਾਤ ਕਰੀਬ 1 ਵਜੇ ਬਿਜਲੀ ਆਉਣ ਉੱਤੇ ਉਹ ਹੇਠਾਂ ਆ ਕੇ ਝੁੱਗੀ ਵਿੱਚ ਸੋ ਗਈਆਂ, ਪਰ ਬਾਅਦ ਵਿੱਚ ਮੁੜ ਛੱਤ ਉੱਤੇ ਚਲੀਆਂ ਗਈਆਂ।
ਆਸ਼ਾ ਦੇਵੀ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਦੋਵੇਂ ਲੜਕੀਆਂ ਨੂੰ ਉਲਟੀਆਂ ਹੋਣੀਆਂ ਸ਼ੁਰੂ ਹੋ ਗਈਆਂ। ਪਰਿਵਾਰ ਜਦੋਂ ਜਾਗਿਆ ਤਾਂ ਦੇਖਿਆ ਕਿ ਇੱਕ ਸੱਪ ਹੇਠਾਂ ਵਿਹੜੇ ਵਿੱਚ ਰਿੜਕਦਾ ਫਿਰ ਰਿਹਾ ਸੀ, ਜਿਸ ਨੂੰ ਮਾਰ ਦਿੱਤਾ ਗਿਆ। ਕੁਝ ਹੀ ਸਮੇਂ ਵਿੱਚ ਦੋਵੇਂ ਲੜਕੀਆਂ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗ ਪਈ ਅਤੇ ਇੱਕ ਦੇ ਗਲੇ ਤੇ ਦੂਜੀ ਦੇ ਹੱਥ ਉੱਤੇ ਸੱਪ ਦੇ ਡੱਸਣ ਦੇ ਨਿਸ਼ਾਨ ਵੀ ਮਿਲੇ।
ਦੋਵੇਂ ਭੈਣਾਂ ਨੂੰ ਫੌਰਨ ਮਾਛੀਵਾਡ਼ਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ ਅਤੇ ਪਿੰਡ ਵਿੱਚ ਇਸ ਦਰਦਨਾਕ ਘਟਨਾ ਕਾਰਨ ਸੋਗ ਦਾ ਮਾਹੌਲ ਹੈ।
ਤਾਜ਼ਾ ਅੱਪਡੇਟਾਂ ਲਈ ਸਾਡੇ ਨਾਲ ਜੁੜੇ ਰਹੋ।