ਉੱਤਰਾਖੰਡ ਸਰਕਾਰ ਦਾ ਵੱਡਾ ਫੈਸਲਾ: Trekking ਲਈ ਖੋਲੀਆਂ Himalayan ਦੀਆਂ 83 ਚੋਟੀਆਂ

ਦੇਹਰਾਦੂਨ: ਉੱਤਰਾਖੰਡ ਨੂੰ ਵਿਸ਼ਵ ਸਾਹਸੀ ਸੈਰ-ਸਪਾਟਾ (Adventure Tourism) ਦੇ ਨਕਸ਼ੇ ‘ਤੇ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਸੂਬਾ ਸਰਕਾਰ ਨੇ ਹਿਮਾਲਿਆ ਦੀਆਂ 83 ਚੋਟੀਆਂ ਨੂੰ ਪਰਬਤਾਰੋਹੀ ਮੁਹਿੰਮਾਂ ਲਈ ਖੋਲ੍ਹ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤੀ ਪਰਬਤਾਰੋਹੀਆਂ ਨੂੰ ਹੁਣ ਇਨ੍ਹਾਂ ਚੋਟੀਆਂ ਦੀ ਚੜ੍ਹਾਈ ਲਈ ਸੂਬਾ ਸਰਕਾਰ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ

5,700 ਤੋਂ 7,756 ਮੀਟਰ ਤੱਕ ਦੀਆਂ ਚੋਟੀਆਂ ਸ਼ਾਮਲ
ਟੂਰਿਜ਼ਮ ਡਿਵੈਲਪਮੈਂਟ ਕੌਂਸਲ ਅਤੇ ਜੰਗਲਾਤ ਵਿਭਾਗ ਦੇ ਤਾਲਮੇਲ ਨਾਲ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕਈ ਮਸ਼ਹੂਰ ਚੋਟੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ:

ਕਾਮੇਟ, ਨੰਦਾ ਦੇਵੀ (ਪੂਰਬੀ), ਚੌਖੰਬਾ ਗਰੁੱਪ

ਤ੍ਰਿਸ਼ੂਲ ਗਰੁੱਪ, ਸ਼ਿਵਲਿੰਗ, ਸਤੋਪੰਥ

ਚਾਂਗਾਬੰਗ, ਪੰਚਾਚੁਲੀ ਅਤੇ ਨੀਲਕੰਠ

ਭਾਰਤੀ ਅਤੇ ਵਿਦੇਸ਼ੀ ਪਰਬਤਾਰੋਹੀਆਂ ਨੂੰ ਵੱਡੀ ਰਾਹਤ

ਭਾਰਤੀ ਪਰਬਤਾਰੋਹੀ: ਹੁਣ ਤੱਕ ਭਾਰਤੀ ਚੜ੍ਹਨ ਵਾਲਿਆਂ ਨੂੰ ਪੀਕ ਫੀਸ, ਕੈਂਪਿੰਗ ਫੀਸ ਅਤੇ ਵਾਤਾਵਰਣ ਖਰਚਿਆਂ ਦੇ ਰੂਪ ਵਿੱਚ ਹਜ਼ਾਰਾਂ ਰੁਪਏ ਦੇਣੇ ਪੈਂਦੇ ਸਨ, ਜੋ ਹੁਣ ਪੂਰੀ ਤਰ੍ਹਾਂ ਮਾਫ਼ ਕਰ ਦਿੱਤੇ ਗਏ ਹਨ।

ਵਿਦੇਸ਼ੀ ਪਰਬਤਾਰੋਹੀ: ਵਿਦੇਸ਼ੀ ਨਾਗਰਿਕਾਂ ਲਈ ਜੰਗਲਾਤ ਵਿਭਾਗ ਦੀ ਫੀਸ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਹੁਣ ਸਿਰਫ਼ ‘ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ’ (IMF) ਵੱਲੋਂ ਨਿਰਧਾਰਿਤ ਫੀਸ ਹੀ ਦੇਣੀ ਪਵੇਗੀ

UKMPS ਰਾਹੀਂ ਮਿਲੇਗੀ ਤੁਰੰਤ ਮਨਜ਼ੂਰੀ
ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਸਰਕਾਰ ਨੇ ‘ਉੱਤਰਾਖੰਡ ਮਾਊਂਟੇਨੀਅਰਿੰਗ ਪਰਮਿਸ਼ਨ ਸਿਸਟਮ’ (UKMPS) ਨਾਮ ਦਾ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ। ਇਸ ਰਾਹੀਂ ਪਰਬਤਾਰੋਹੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਜਲਦੀ ਮਨਜ਼ੂਰੀ ਮਿਲ ਸਕੇਗੀ। ਇਹ ਸਿਸਟਮ ਸਰਹੱਦੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਵਿੱਚ ਵੀ ਮਦਦ ਕਰੇਗਾ

ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਖੁੱਲ੍ਹਣਗੇ ਰਾਹ
ਸੈਰ-ਸਪਾਟਾ ਸਕੱਤਰ ਧੀਰਜ ਸਿੰਘ ਗਰਬਿਆਲ ਅਨੁਸਾਰ, ਇਸ ਫੈਸਲੇ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ

ਹੋਮਸਟੇਅ, ਗਾਈਡ ਅਤੇ ਪੋਰਟਰਾਂ ਦੀ ਮੰਗ ਵਧੇਗੀ

ਪੇਂਡੂ ਖੇਤਰਾਂ ਵਿੱਚ ਟ੍ਰਾਂਸਪੋਰਟ ਅਤੇ ਹੋਰ ਸੇਵਾਵਾਂ ਰਾਹੀਂ ਨਵੇਂ ਰੁਜ਼ਗਾਰ ਪੈਦਾ ਹੋਣਗੇ

ਉੱਤਰਾਖੰਡ ਹੁਣ ਇੱਕ ਗਲੋਬਲ ਮਾਊਂਟੇਨੀਅਰਿੰਗ ਡੈਸਟੀਨੇਸ਼ਨ ਵਜੋਂ ਉਭਰੇਗਾ

ਸੁਰੱਖਿਆ ਅਤੇ ਵਾਤਾਵਰਣ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ
ਸਰਕਾਰ ਨੇ ਪਰਬਤਾਰੋਹੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹਿੰਮ ਦੌਰਾਨ ਸੁਰੱਖਿਆ ਮਾਪਦੰਡਾਂ, ਵਾਤਾਵਰਣ ਦੇ ਨਿਯਮਾਂ ਅਤੇ ਸਥਾਨਕ ਪਰੰਪਰਾਵਾਂ ਦਾ ਸਖ਼ਤੀ ਨਾਲ ਪਾਲਣ ਕਰਨ। ਇਸ ਪਹਿਲਕਦਮੀ ਦਾ ਉਦੇਸ਼ ‘ਟਿਕਾਊ ਸੈਰ-ਸਪਾਟਾ’ (Sustainable Tourism) ਨੂੰ ਉਤਸ਼ਾਹਿਤ ਕਰਨਾ ਹੈ