ਚੰਡੀਗੜ੍ਹ ‘ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਸੂਬਾ ਦਫ਼ਤਰ ਦੇ ਅਧਿਕਾਰਤ ਈਮੇਲ ਪਤੇ ‘ਤੇ ਅੱਜ ਇੱਕ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਹੈ, ਜਿਸ ਨੇ ਸਿਆਸੀ ਅਤੇ ਸੁਰੱਖਿਆ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਈਮੇਲ ਵਿੱਚ 21 ਅਗਸਤ ਨੂੰ ਹੋਣ ਵਾਲੇ ਬੰਦ ਦੌਰਾਨ ਖੁੱਲ੍ਹੇ ਰਹਿਣ ਵਾਲੇ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ।

ਈਮੇਲ ਵਿੱਚ ਕੀ ਲਿਖਿਆ ਗਿਆ

ਸੁਨੇਹੇ ਵਿੱਚ “21 ਅਗਸਤ ਨੂੰ ਪੰਜਾਬ ਬੰਦ” ਅਤੇ “31 ਅਗਸਤ ਨੂੰ ਸਕੂਲ ਬੰਦ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਈਮੇਲ ਵਿੱਚ ਸਪੱਸ਼ਟ ਤੌਰ ‘ਤੇ ਮੰਗ ਕੀਤੀ ਗਈ ਹੈ ਕਿ 21 ਅਗਸਤ ਨੂੰ ਪੰਜਾਬ ਭਰ ਵਿੱਚ ਬੰਦ ਰੱਖਿਆ ਜਾਵੇ, ਅਤੇ ਜਿਹੜੇ ਸ਼ਹਿਰਾਂ ਵਿੱਚ ਇਹ ਬੰਦ ਲਾਗੂ ਨਹੀਂ ਹੁੰਦਾ, ਉੱਥੇ ਬੰਬ ਧਮਾਕੇ ਕੀਤੇ ਜਾਣ ਦੀ ਧਮਕੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਈਮੇਲ ਵਿੱਚ 31 ਅਗਸਤ ਨੂੰ ਸਕੂਲ ਬੰਦ ਰੱਖਣ ਅਤੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਯਾਦ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਖਾਲਿਸਤਾਨ ਨਾਲ ਜੋੜੀ ਗਈ ਭਾਸ਼ਾ

ਈਮੇਲ ਭੇਜਣ ਵਾਲੇ ਨੇ ਪੰਜਾਬ ਨੂੰ ਖਾਲਿਸਤਾਨ ਨਾਲ ਜੋੜਦਿਆਂ ਹੋਇਆਂ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ।

ਸੁਰੱਖਿਆ ਏਜੰਸੀਆਂ ਹਰਕਤ ਵਿੱਚ

ਧਮਕੀ ਭਰਿਆ ਈਮੇਲ ਮਿਲਦੇ ਹੀ ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਜੰਸੀਆਂ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਧਮਕੀ ਪਿੱਛੇ ਕੌਣ ਹੈ ਅਤੇ ਇਸ ਦਾ ਮਕਸਦ ਕੀ ਹੈ।

ਹਾਲੇ ਤੱਕ ਇਸ ਧਮਕੀ ਦੀ ਭਰੋਸੇਯੋਗਤਾ ਬਾਰੇ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਮਾਮਲੇ ਨਾਲ ਜੁੜੀ ਹਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ।