ਆਦਿਲਾਬਾਦ ਹਸਪਤਾਲ ਵਿਚ ਲੱਗੀ ਭਿਆਨਕ ਅੱਗ: AC ਫਟਣ ਕਾਰਨ ਤਿੰਨ ਨਵਜੰਮੇ ਬੱਚਿਆਂ ਦੀ ਮੌਤ

ਆਦਿਲਾਬਾਦ ਜ਼ਿਲ੍ਹੇ ਦੇ ਸਰਕਾਰੀ ਰਿਮਜ (RIMS) ਹਸਪਤਾਲ ਦੇ ਸਪੈਸ਼ਲ ਨਿਊਬੌਰਨ ਕੇਅਰ ਯੂਨਿਟ (SNCU) ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਏਅਰ-ਕੰਡੀਸ਼ਨਰ (AC) ਫਟਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।

ਮੁੱਢਲੀ ਜਾਂਚ ਦੌਰਾਨ ਸ਼ੱਕ ਪ੍ਰਗਟ ਕੀਤਾ ਗਿਆ ਹੈ ਕਿ ਏਸੀ ਵਿੱਚ ਤਕਨੀਕੀ ਖਰਾਬੀ ਕਾਰਨ ਧਮਾਕਾ ਹੋਇਆ, ਜਿਸ ਨਾਲ ਯੂਨਿਟ ਵਿੱਚ ਅੱਗ ਫੈਲ ਗਈ। ਫਾਇਰ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਘਟਨਾ ਸਮੇਂ ਯੂਨਿਟ ਵਿੱਚ ਇਲਾਜ ਅਧੀਨ ਸਾਰੇ 27 ਨਵਜੰਮੇ ਬੱਚਿਆਂ ਨੂੰ ਤੁਰੰਤ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ। ਇੱਕ ਪ੍ਰੀ-ਟਰਮ (ਸਮੇਂ ਤੋਂ ਪਹਿਲਾਂ ਜੰਮੇ) ਬੱਚੇ ਨੂੰ ਹਸਪਤਾਲ ਲਿਆਉਂਦੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਇਲਾਜ ਦੌਰਾਨ ਦੋ ਹੋਰ ਬੱਚਿਆਂ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 20 ਬੱਚੇ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਡਾਕਟਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਚਾਰ ਬੱਚਿਆਂ ਦੀ ਹਾਲਤ ਸਥਿਰ ਹੋਣ ‘ਤੇ ਉਨ੍ਹਾਂ ਦੇ ਮਾਪਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇਸ ਹਾਦਸੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਅਤੇ ਜ਼ਿੰਮੇਵਾਰੀਆਂ ਦਾ ਸਹੀ ਪਤਾ ਲੱਗ ਸਕੇ।