ਲੁਧਿਆਣਾ ‘ਚ 16 ਸਾਲਾ ਨਾਬਾਲਿਗ ਲੜਕੀ ਵੱਲੋਂ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਥਾਣਾ ਕੂਮ ਕਲਾਂ ਅਧੀਨ ਆਉਂਦੇ ਮਾਨਗੜ੍ਹ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 16 ਸਾਲਾ ਨਾਬਾਲਿਗ ਲੜਕੀ ਨੇ ਘਰ ਦੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਹਿਚਾਣ ਪ੍ਰਤਿਭਾ ਵਜੋਂ ਹੋਈ ਹੈ।


ਘਟਨਾ ਸਮੇਂ ਘਰ ‘ਚ ਇਕੱਲੀ ਸੀ ਲੜਕੀ

ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਪ੍ਰਤਿਭਾ ਘਰ ਵਿੱਚ ਇਕੱਲੀ ਸੀ। ਉਸ ਦੇ ਪਿਤਾ ਦਿਨੇਸ਼ ਕੰਮ ‘ਤੇ ਗਏ ਹੋਏ ਸਨ, ਜਦਕਿ ਭੈਣ-ਭਰਾ ਸਕੂਲ ਅਤੇ ਮਾਂ ਵੀ ਕੰਮ ਲਈ ਗਈ ਹੋਈ ਸੀ।


ਪਿਤਾ ਨੂੰ ਆਇਆ ਫੋਨ, ਘਰ ਪਹੁੰਚ ਕੇ ਟੁੱਟ ਗਈ ਦੁਨੀਆ

ਮ੍ਰਿਤਕਾ ਦੇ ਪਿਤਾ ਦਿਨੇਸ਼, ਜੋ ਲੋਹਾ ਪਲਾਂਟ ਵਿੱਚ ਮਜ਼ਦੂਰੀ ਕਰਦੇ ਹਨ, ਨੇ ਦੱਸਿਆ ਕਿ ਸ਼ਾਮ ਦੇ ਸਮੇਂ ਪੜੋਸ ਤੋਂ ਫੋਨ ਆਇਆ ਕਿ ਧੀ ਦੀ ਤਬੀਅਤ ਖਰਾਬ ਹੈ। ਉਹ ਤੁਰੰਤ ਕੰਮ ਛੱਡ ਕੇ ਘਰ ਆਏ। ਘਰ ਪਹੁੰਚਣ ‘ਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਖਟਖਟਾਉਣ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਧੀ ਦੀ ਲਾਸ਼ ਪੱਖੇ ਨਾਲ ਚੁੰਨੀ ਦੇ ਫਾਹੇ ਨਾਲ ਲਟਕਦੀ ਮਿਲੀ।


ਬੀਮਾਰੀ ਕਾਰਨ ਪਰੇਸ਼ਾਨ ਰਹਿੰਦੀ ਸੀ ਪ੍ਰਤਿਭਾ

ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਤਿਭਾ ਪਿਛਲੇ ਕੁਝ ਮਹੀਨਿਆਂ ਤੋਂ ਪੇਟ ਦਰਦ ਦੀ ਸਮੱਸਿਆ ਨਾਲ ਪੀੜਤ ਸੀ, ਜਿਸ ਕਾਰਨ ਉਹ ਕੰਮ ‘ਤੇ ਜਾਣਾ ਛੱਡ ਚੁੱਕੀ ਸੀ ਅਤੇ ਵੱਧਤਰ ਘਰ ਹੀ ਰਹਿੰਦੀ ਸੀ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੀਮਾਰੀ ਜਾਂ ਕਿਸੇ ਮਾਨਸਿਕ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋ ਸਕਦਾ ਹੈ।


ਪੁਲਿਸ ਕਾਰਵਾਈ

ਸੂਚਨਾ ਮਿਲਣ ‘ਤੇ ਥਾਣਾ ਕੂਮ ਕਲਾਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਹਾਲਾਂਕਿ ਹਰ ਪੱਖੋਂ ਜਾਂਚ ਜਾਰੀ ਹੈ।


ਇਲਾਕੇ ‘ਚ ਸੋਗ ਦਾ ਮਾਹੌਲ

ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।