ਕਾਦੀਆਂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮਾਝੇ ਦੀ ਪਵਿੱਤਰ ਧਰਤੀ ਤੋਂ ‘ਪੰਜਾਬ ਬਚਾਓ ਯਾਤਰਾ’ ਦਾ ਜ਼ੋਰਦਾਰ ਆਗਾਜ਼ ਕੀਤਾ ਗਿਆ। ਗੁਰਦਾਸਪੁਰ ਦੇ ਕਾਦੀਆਂ ਵਿਧਾਨ ਸਭਾ ਹਲਕੇ ਵਿੱਚ ਹੋਈ ਇਸ ਵਿਸ਼ਾਲ ਰੈਲੀ ਦੌਰਾਨ ਬਾਦਲ ਨੇ ਪੰਜਾਬ ਦੇ ਹਰ ਵਰਗ, ਖਾਸ ਕਰਕੇ ਬਜ਼ੁਰਗਾਂ, ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਲਈ ਵੱਡੇ ਚੋਣ ਵਾਅਦਿਆਂ ਦੀ ਝੜੀ ਲਗਾ ਦਿੱਤੀ
ਬਜ਼ੁਰਗਾਂ ਅਤੇ ਗਰੀਬਾਂ ਲਈ ਵੱਡੇ ਤੋਹਫ਼ੇ
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਸਭ ਤੋਂ ਪਹਿਲਾਂ ਬਜ਼ੁਰਗਾਂ ਦੀ ਸਾਰ ਲਈ ਜਾਵੇਗੀ। ਉਨ੍ਹਾਂ ਮੁੱਖ ਵਾਅਦੇ ਕੀਤੇ:
ਬੁਢਾਪਾ ਪੈਨਸ਼ਨ: ਮੌਜੂਦਾ ਪੈਨਸ਼ਨ ਨੂੰ ਵਧਾ ਕੇ 3100 ਰੁਪਏ ਮਹੀਨਾ ਕੀਤਾ ਜਾਵੇਗਾ।
ਆਟਾ-ਦਾਲ ਸਕੀਮ: ਸਰਕਾਰ ਬਣਦੇ ਹੀ ਪਹਿਲੇ ਦਿਨ ਤੋਂ 4 ਰੁਪਏ ਕਿੱਲੋ ਆਟਾ ਅਤੇ 20 ਰੁਪਏ ਕਿੱਲੋ ਦਾਲ ਦੇਣ ਦੀ ਸਕੀਮ ਮੁੜ ਸੁਰਜੀਤ ਕੀਤੀ ਜਾਵੇਗੀ।
ਸ਼ਗਨ ਸਕੀਮ: ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਾਇਤਾ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।
ਨੌਜਵਾਨਾਂ ਲਈ ਰੁਜ਼ਗਾਰ ਅਤੇ ਸਿੱਖਿਆ ਦਾ ਨਵਾਂ ਮਾਡਲ
ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਬਾਦਲ ਨੇ ‘ਬਿਨਾਂ ਵਿਆਜ ਕਰਜ਼ਾ’ ਅਤੇ ‘ਸਿੱਖਿਆ ਰਾਖਵਾਂਕਰਨ’ ਦਾ ਪੱਤਾ ਖੇਡਿਆ ਹੈ
ਕਾਰੋਬਾਰ ਲਈ ਲੋਨ: ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ‘ਤੇ ਕੋਈ ਵਿਆਜ ਨਹੀਂ ਲੱਗੇਗਾ ਅਤੇ ਇਸ ਨੂੰ ਮੋੜਨ ਲਈ 10 ਸਾਲ ਦਾ ਲੰਬਾ ਸਮਾਂ ਦਿੱਤਾ ਜਾਵੇਗਾ।
ਮੈਰੀਟੋਰੀਅਸ ਸਕੂਲ: ਹਰ ਵਿਧਾਨ ਸਭਾ ਹਲਕੇ ਵਿੱਚ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣਗੇ ਜਿੱਥੇ ਮੁਫ਼ਤ ਸਿੱਖਿਆ ਮਿਲੇਗੀ।
ਯੂਨੀਵਰਸਿਟੀ ਕੋਟਾ: ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀਆਂ ਵਿੱਚ 50% ਸੀਟਾਂ ਰਾਖਵੀਆਂ ਹੋਣਗੀਆਂ ਅਤੇ ਲੋੜਵੰਦਾਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਚੁੱਕੇਗੀ।
“ਪੰਜਾਬ ਦੀਆਂ ਨੌਕਰੀਆਂ ਸਿਰਫ਼ ਪੰਜਾਬੀਆਂ ਲਈ”
ਸੁਖਬੀਰ ਬਾਦਲ ਨੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਰੋਕਣ ਲਈ ਇੱਕ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬ ਦੇ ਵਸਨੀਕਾਂ (ਡੋਮਿਸਾਈਲ ਧਾਰਕਾਂ) ਨੂੰ ਹੀ ਦਿੱਤੀਆਂ ਜਾਣਗੀਆਂ
ਇਸ ਤੋਂ ਇਲਾਵਾ, ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ, ਪਸ਼ੂ ਪਾਲਣ ਕਾਲਜ ਅਤੇ ਸਕਿੱਲ ਯੂਨੀਵਰਸਿਟੀਆਂ ਖੋਲ੍ਹਣ ਦਾ ਵੀ ਭਰੋਸਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦਾ ਪੈਸਾ ਅਤੇ ਹੁਨਰ ਪੰਜਾਬ ਵਿੱਚ ਹੀ ਰਹੇ
ਇਸ ਰੈਲੀ ਦੌਰਾਨ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਜਿਸ ਨੇ ਆਉਣ ਵਾਲੀਆਂ ਚੋਣਾਂ ਲਈ ਸਿਆਸੀ ਮਾਹੌਲ ਗਰਮਾ ਦਿੱਤਾ ਹੈ

