ਅਮਰੀਕਾ ਦਾ ਵੱਡਾ ਐਲਾਨ: ਮੋਜਤਬਾ ਖਾਮੇਨੇਈ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 88 ਕਰੋੜ ਦਾ ਇਨਾਮ

ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਵਾਸ਼ਿੰਗਟਨ ਨੇ ਇੱਕ ਬੇਹੱਦ ਹਮਲਾਵਰ ਕਦਮ ਚੁੱਕਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਦੇ ਸਰਵਉੱਚ ਨੇਤਾ ਦੇ ਪੁੱਤਰ ਅਤੇ ਸੰਭਾਵੀ ਉੱਤਰਾਧਿਕਾਰੀ ਮੋਜਤਬਾ ਖਾਮੇਨੇਈ ਸਮੇਤ ਕਈ ਸੀਨੀਅਰ ਅਧਿਕਾਰੀਆਂ ਬਾਰੇ ਖੁਫੀਆ ਜਾਣਕਾਰੀ ਦੇਣ ਲਈ 1 ਕਰੋੜ ਡਾਲਰ (ਲਗਭਗ 88 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ

ਕਿਉਂ ਦਿੱਤਾ ਜਾ ਰਿਹਾ ਹੈ ਇਹ ਇਨਾਮ?

ਅਮਰੀਕਾ ਦੇ ‘ਰਿਵਾਰਡਜ਼ ਫਾਰ ਜਸਟਿਸ’ (Rewards for Justice) ਪ੍ਰੋਗਰਾਮ ਤਹਿਤ ਇਹ ਰਾਸ਼ੀ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਮੋਜਤਬਾ ਖਾਮੇਨੇਈ ਅਤੇ ਈਰਾਨ ਦੀ ਸ਼ਕਤੀਸ਼ਾਲੀ ਫੌਜੀ ਸੰਸਥਾ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਨਾਲ ਜੁੜੇ ਪ੍ਰਮੁੱਖ ਵਿਅਕਤੀਆਂ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਗੇ। ਅਮਰੀਕਾ ਦਾ ਦੋਸ਼ ਹੈ ਕਿ ਇਹ ਸ਼ਖਸੀਅਤਾਂ ਵਿਦੇਸ਼ਾਂ ਵਿੱਚ ਅੱਤਵਾਦੀ ਗਤੀਵਿਧੀਆਂ ਅਤੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਪਰੇਸ਼ਨਾਂ ਦਾ ਨਿਰਦੇਸ਼ਨ ਕਰ ਰਹੀਆਂ ਹਨ

ਹੋਰ ਕਿਹੜੇ ਈਰਾਨੀ ਅਧਿਕਾਰੀ ਹਨ ਨਿਸ਼ਾਨੇ ‘ਤੇ?

ਅਮਰੀਕਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਮੋਜਤਬਾ ਖਾਮੇਨੇਈ ਤੋਂ ਇਲਾਵਾ ਕਈ ਹੋਰ ਪ੍ਰਭਾਵਸ਼ਾਲੀ ਨਾਮ ਸ਼ਾਮਲ ਹਨ:

ਅਲੀ ਅਸਗਰ ਹੇਜਾਜ਼ੀ: ਸੁਪਰੀਮ ਲੀਡਰ ਦੇ ਦਫ਼ਤਰ ਵਿੱਚ ਡਿਪਟੀ ਚੀਫ਼ ਆਫ਼ ਸਟਾਫ਼

ਅਲੀ ਲਾਰੀਜਾਨੀ: ਈਰਾਨ ਦੀ ਰਾਸ਼ਟਰੀ ਸੁਰੱਖਿਆ ਲੀਡਰਸ਼ਿਪ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਮੁੱਖ ਸਿਆਸਤਦਾਨ

ਗੁਪਤ ਅਧਿਕਾਰੀ: ਦਿਲਚਸਪ ਗੱਲ ਇਹ ਹੈ ਕਿ ਅਮਰੀਕੀ ਨੋਟਿਸ ਵਿੱਚ ਕੁਝ ਅਧਿਕਾਰੀਆਂ ਦੀਆਂ ਤਸਵੀਰਾਂ ਦੀ ਜਗ੍ਹਾ ਸਿਰਫ਼ ਪਰਛਾਵੇਂ ਦਿਖਾਏ ਗਏ ਹਨ, ਕਿਉਂਕਿ ਉਨ੍ਹਾਂ ਦੀਆਂ ਅਸਲ ਤਸਵੀਰਾਂ ਜਨਤਕ ਤੌਰ ‘ਤੇ ਉਪਲਬਧ ਨਹੀਂ ਹਨ।

ਸਿਆਸੀ ਮਾਹਿਰਾਂ ਦੀ ਰਾਏ
ਰਣਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਇਹ ਕਦਮ ਈਰਾਨ ਦੇ ਅੰਦਰੂਨੀ ਸੱਤਾ ਢਾਂਚੇ ਵਿੱਚ ਸੰਧ ਲਗਾਉਣ ਦੀ ਕੋਸ਼ਿਸ਼ ਹੈ। ਖਾਸ ਤੌਰ ‘ਤੇ ਮੋਜਤਬਾ ਖਾਮੇਨੇਈ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਈਰਾਨ ਦੀ ਭਵਿੱਖੀ ਲੀਡਰਸ਼ਿਪ ‘ਤੇ ਸਿੱਧਾ ਦਬਾਅ ਬਣਾਉਣਾ ਚਾਹੁੰਦਾ ਹੈ

ਜੰਗ ਦੇ ਹਾਲਾਤ
ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਖਾੜੀ ਖੇਤਰ ਵਿੱਚ ਤਣਾਅ ਆਪਣੇ ਸਿਖਰ ‘ਤੇ ਹੈ। ਈਰਾਨ-ਅਮਰੀਕਾ ਜੰਗ ਦੇ ਤੀਜੇ ਹਫ਼ਤੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਅਤੇ ਖੇਤਰ ਵਿੱਚ ਫੌਜੀ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ