ਕੋਪਨਹੇਗਨ : ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੇ ਨਜ਼ਦੀਕ ਵੀਰਵਾਰ ਨੂੰ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ। ਦੋ ਸਥਾਨਕ ਟ੍ਰੇਨਾਂ (Local Trains) ਦੀ ਆਹਮੋ-ਸਾਹਮਣੀ ਹੋਈ ਸਿੱਧੀ ਟੱਕਰ ਵਿੱਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਮੁਤਾਬਕ, ਜ਼ਖ਼ਮੀਆਂ ਵਿੱਚੋਂ 4 ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ
ਜੰਗਲੀ ਇਲਾਕੇ ਵਿੱਚ ਵਾਪਰੀ ਘਟਨਾ
ਇਹ ਹਾਦਸਾ ਕੋਪਨਹੇਗਨ ਦੇ ਉੱਤਰੀ ਹਿੱਸੇ ਵਿੱਚ ਸਥਿਤ ਹਿਲੇਰੋਡ (Hillerod) ਅਤੇ ਕਾਗੇਰੁਪ (Kagerup) ਕਸਬਿਆਂ ਨੂੰ ਜੋੜਨ ਵਾਲੀ ਰੇਲ ਲਾਈਨ ‘ਤੇ ਵਾਪਰਿਆ। ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪੀਲੇ ਅਤੇ ਸਲੇਟੀ ਰੰਗ ਦੀਆਂ ਟ੍ਰੇਨਾਂ ਇੱਕ ਜੰਗਲੀ ਇਲਾਕੇ ਵਿੱਚ ਪਟੜੀ ‘ਤੇ ਆਹਮੋ-ਸਾਹਮਣੇ ਟਕਰਾਈਆਂ ਹੋਈਆਂ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਟ੍ਰੇਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ
ਰਾਹਤ ਅਤੇ ਬਚਾਅ ਕਾਰਜ
ਰੇਸਕਿਊ ਸੇਵਾਵਾਂ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿੱਚ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਸਵਾਰੀ ਟ੍ਰੇਨ ਦੇ ਅੰਦਰ ਫਸੀ ਨਹੀਂ ਰਹੀ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ
ਹੈਲੀਕਾਪਟਰਾਂ ਰਾਹੀਂ ਹਸਪਤਾਲ ਪਹੁੰਚਾਏ ਜ਼ਖ਼ਮੀ
ਫਾਇਰ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਜ਼ਖ਼ਮੀਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਐਂਬੂਲੈਂਸਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਤੁਰੰਤ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇੱਕੋ ਪਟੜੀ ‘ਤੇ ਦੋ ਟ੍ਰੇਨਾਂ ਕਿਵੇਂ ਆ ਗਈਆਂ
ਇਸ ਹਾਦਸੇ ਕਾਰਨ ਸਬੰਧਿਤ ਰੇਲ ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਅਤੇ ਮਾਹਿਰਾਂ ਦੀਆਂ ਟੀਮਾਂ ਪਟੜੀ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ
