ਅਯੁੱਧਿਆ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਸ਼ੁੱਕਰਵਾਰ ਨੂੰ ਅਯੁੱਧਿਆ ਪਹੁੰਚੇ। ਅਯੁੱਧਿਆ ਵਿਖੇ ਅਰਵਿੰਦ ਕੇਜਰੀਵਾਲ ਨੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮ ਮੰਦਿਰ ਦੇ ਚੜ੍ਹਾਵੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਅਤੇ ਜਾਂਚ ਪ੍ਰਕਿਰਿਆ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ
ਚੜ੍ਹਾਵੇ ਦੀ ਚੋਰੀ ‘ਮਹਾਂਪਾਪ’, ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਰਾਮ ਮੰਦਿਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਇੱਕ ‘ਮਹਾਂਪਾਪ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸਿਰਫ਼ ਛੋਟੇ ਮੁਲਾਜ਼ਮਾਂ ‘ਤੇ ਕਾਰਵਾਈ ਕਰਕੇ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਰਾਮ ਜਨਮ ਭੂਮੀ ਕੰਪਲੈਕਸ ਵਿੱਚ ਦਰਸ਼ਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ:
“ਅਸੀਂ ਭਗਵਾਨ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦਾ ਮਹਾਂਪਾਪ ਕੀਤਾ ਹੈ, ਉਨ੍ਹਾਂ ਨੂੰ ਭਗਵਾਨ ਸਖ਼ਤ ਤੋਂ ਸਖ਼ਤ ਸਜ਼ਾ ਦੇਣ।”
ਦਰਜ ਹੋਈ FIR ਮਹਿਜ਼ ਇੱਕ ਦਿਖਾਵਾ
ਕੇਸ ਵਿੱਚ ਦਰਜ ਹੋਈ ਐਫ.ਆਈ.ਆਰ. (FIR) ‘ਤੇ ਸਵਾਲ ਚੁੱਕਦਿਆਂ ‘ਆਪ’ ਮੁਖੀ ਨੇ ਕਿਹਾ, “ਜੋ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਉਹ ਸਿਰਫ਼ ਇੱਕ ਦਿਖਾਵਾ ਅਤੇ ਛਲਾਵਾ ਹੈ। ਇਸ ਮਾਮਲੇ ਵਿੱਚ ਅੱਠ ਛੋਟੇ-ਛੋਟੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਜੇਕਰ ਕੋਈ ਘੁਟਾਲਾ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਤਾਂ ਉਸ ਨੂੰ ਸਿਰਫ਼ ਛੋਟੇ ਮੁਲਾਜ਼ਮ ਨਹੀਂ ਚਲਾ ਸਕਦੇ। ਇਸ ਦੇ ਤਾਰ ਬਹੁਤ ਉੱਪਰ ਤੱਕ ਜੁੜੇ ਹੋਏ ਹਨ। ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਛੋਟੇ ਕਰਮਚਾਰੀਆਂ ਦੇ ਸਿਰ ‘ਤੇ ਭਾਂਡਾ ਭੰਨਿਆ ਜਾ ਰਿਹਾ ਹੈ।
