ਚੰਡੀਗੜ੍ਹ ਵਿੱਚ ਫਾਰਮੇਸੀ ਪ੍ਰੀਖਿਆ ਵਿਵਾਦ: ਯੂਥ ਕਾਂਗਰਸ ਅਤੇ ABVP ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨਾਲ ਝੜਪ

ਚੰਡੀਗੜ੍ਹ ਵਿੱਚ ਫਾਰਮੇਸੀ ਪ੍ਰੀਖਿਆ ਦੇ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਯੂਥ ਕਾਂਗਰਸ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਵੱਲੋਂ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਈ, ਜਿਸ ਤੋਂ ਬਾਅਦ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।

ਦੋਵਾਂ ਸੰਗਠਨਾਂ ਦੇ ਵਿਧਾਨ ਸਭਾ ਘੇਰਾਓ ਦੇ ਐਲਾਨ ਕਾਰਨ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਬਹੁਤ ਸਖ਼ਤ ਕਰ ਦਿੱਤੀ ਸੀ। ਕਾਂਗਰਸ ਭਵਨ, ਸੈਕਟਰ-25 ਰੈਲੀ ਗਰਾਊਂਡ ਅਤੇ ਵਿਧਾਨ ਸਭਾ ਦੇ ਆਸ-ਪਾਸ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਅਤੇ ਬੈਰੀਕੇਡਿੰਗ ਕੀਤੀ ਗਈ।

ਪ੍ਰਦਰਸ਼ਨ ਤੋਂ ਪਹਿਲਾਂ ਯੂਥ ਕਾਂਗਰਸ ਨੇ ਪੋਸਟਰ ਜਾਰੀ ਕਰਕੇ ਨੌਜਵਾਨਾਂ ਦੀ ਲਲਕਾਰ, ਬਦਲੇਗੀ ਪੰਜਾਬ ਵਿੱਚ ਸਰਕਾਰ” ਦਾ ਨਾਰਾ ਦਿੱਤਾ। ਸੰਗਠਨ ਦਾ ਦੋਸ਼ ਹੈ ਕਿ ਪੇਪਰ ਲੀਕ ਹੋਣ ਕਾਰਨ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ ਅਤੇ ਸਰਕਾਰ ਤੋਂ ਭਰੋਸਾ ਉੱਠ ਰਿਹਾ ਹੈ। ਉਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ABVP ਦਾ ਮਾਰਚ ਅਤੇ ਮੁੱਖ ਮੰਗਾਂ

ABVP ਨੇ ਦੁਪਹਿਰ 12 ਵਜੇ ਸੈਕਟਰ-25 ਰੈਲੀ ਗਰਾਊਂਡ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੱਢਿਆ। ਸੰਗਠਨ ਨੇ ਸੂਬੇ ਵਿੱਚ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਲਾਗੂ ਕਰਨ, ਪੇਪਰ ਲੀਕ ਰੋਕਣ ਅਤੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ੇ ਦੀ ਮੰਗ ਕੀਤੀ। ਪੰਜਾਬ ਸਰਕਾਰ ਪਹਿਲਾਂ ਹੀ ਵਿਧਾਨ ਸਭਾ ਵਿੱਚ ਸਾਫ਼ ਕਰ ਚੁੱਕੀ ਹੈ ਕਿ ਫਾਰਮੇਸੀ ਦਾ ਪੇਪਰ ਲੀਕ ਨਹੀਂ ਹੋਇਆ ਸੀ। ਸਰਕਾਰ ਮੁਤਾਬਕ ਇਹ ਹਾਈਟੈਕ ਨਕਲ ਦਾ ਮਾਮਲਾ ਸੀ ਅਤੇ ਘਟਨਾ ਦੇ ਸਿਰਫ਼ 15 ਮਿੰਟਾਂ ਦੇ ਅੰਦਰ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ।