ਇਮਰਾਨ ਖ਼ਾਨ ਨੂੰ ਸਿਹਤ ਜਾਂਚ ਤੋਂ ਬਾਅਦ ਸ਼ਿਫਾ ਹਸਪਤਾਲ ਤੋਂ ਫਿਰ ਜੇਲ੍ਹ ਭੇਜਿਆ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਡਾਕਟਰੀ ਜਾਂਚ ਤੋਂ ਬਾਅਦ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਾਪਸ ਭੇਜ ਦਿੱਤਾ ਗਿਆ ਹੈ। ਛੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕਰ ਕੇ ਸਿੱਟਾ ਕੱਢਿਆ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਕੋਈ ਲੋੜ ਨਹੀਂ ਹੈ।

ਵੀਰਵਾਰ ਦੇਰ ਰਾਤ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਹਸਪਤਾਲ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਸਟਾਫ਼ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਅਤੇ ਮੀਡੀਆ ਨੂੰ ਬਾਹਰ ਕਰ ਦਿੱਤਾ ਗਿਆ। ਇਸ ਦੌਰਾਨ, ਪਾਕਿਸਤਾਨੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਸਮੀਖਿਆ ਪਟੀਸ਼ਨ ਦਾਇਰ ਕਰ ਕੇ ਇਮਰਾਨ ਖ਼ਾਨ ਨੂੰ ਨਿੱਜੀ ਹਸਪਤਾਲ ਭੇਜਣ ਦੇ ਹੁਕਮ ਨੂੰ ਉਲਟਾਉਣ ਦੀ ਮੰਗ ਕੀਤੀ ਸੀ, ਪਰ ਰਜਿਸਟਰਾਰ ਦਫ਼ਤਰ ਨੇ ਦਸਤਾਵੇਜ਼ਾਂ ਦੀ ਘਾਟ ਕਾਰਨ ਇਸ ਨੂੰ ਵਾਪਸ ਕਰ ਦਿੱਤਾ।

ਇਮਰਾਨ ਖ਼ਾਨ ਦੇ ਵਕੀਲ ਖ਼ਾਲਿਦ ਯੂਸਫ਼ ਚੌਧਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਡਿਆਲਾ ਜੇਲ੍ਹ ਦੇ ਬਾਹਰ ਆਪਣੇ ਮੁਵਕਿਲ ਨਾਲ ਮਿਲਣ ਨਹੀਂ ਦਿੱਤਾ ਗਿਆ। ਅਦਾਲਤ ਵਿੱਚ ਪੇਸ਼ ਕੀਤੀ ਗਈ ਮੈਡੀਕਲ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਮਰਾਨ ਖ਼ਾਨ ਦਾ ਬਲੱਡ ਪ੍ਰੈਸ਼ਰ ਅਸਥਿਰ ਹੈ, ਦਿਲ ਦੀ ਧੜਕਣ ਤੇਜ਼ ਹੈ ਅਤੇ ਉਹ ਮਾਨਸਿਕ ਤਣਾਅ ਵਿੱਚ ਹਨ।