ਪੰਜਾਬ ’ਚ ਗ੍ਰਿਫ਼ਤਾਰ ਅਮਰੀਕਾ ਦਾ Most Wanted ਮੁਲਜ਼ਮ ਮਨਜੀਤ ਸਿੰਘ ਅਮਰੀਕਾ ਲਿਆਂਦਾ ਗਿਆ, 6 ਲੱਖ ਡਾਲਰ ਦੇ ਫਰਾਡ ਦੇ ਦੋਸ਼

ਅਮਰੀਕਾ: ਪੰਜਾਬ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ਅਮਰੀਕਾ ਵਾਪਸ ਲਿਆਂਦਾ ਗਿਆ ਹੈ, ਜਿੱਥੇ ਉਸ ਨੂੰ ਸਰਕਾਰੀ ਸਹਾਇਤਾ ਰਾਸ਼ੀ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਜਾਂਚ ਏਜੰਸੀ FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ’ਤੇ ਅਮਰੀਕੀ ਸਰਕਾਰ ਨੂੰ ਘੱਟੋ-ਘੱਟ 6 ਲੱਖ ਡਾਲਰ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ।

ਅਮਰੀਕਾ ਦੀ Most Wanted Fraudsters ਸੂਚੀ ’ਚ ਸੀ ਨਾਂ

FBI ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਕੇ ਮਨਜੀਤ ਸਿੰਘ ਬੇਦੀ ਦੀ ਵਾਪਸੀ ਦੀ ਪੁਸ਼ਟੀ ਕੀਤੀ। ਉਨ੍ਹਾਂ ਮੁਤਾਬਕ, ਬੇਦੀ ਉਨ੍ਹਾਂ ਕਥਿਤ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੀ ਭਾਲ FBI ਕਰ ਰਹੀ ਸੀ।

ਪਟੇਲ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਦਾਅਵੇ ਅਨੁਸਾਰ, ਇਨ੍ਹਾਂ ਸਾਰੇ ਵਿਅਕਤੀਆਂ ’ਤੇ ਸਮੂਹਿਕ ਤੌਰ ’ਤੇ 2 ਅਰਬ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਨਾਲ ਸਬੰਧਤ ਮਾਮਲੇ ਹਨ।

SNAP ਸਹਾਇਤਾ ਰਾਸ਼ੀ ’ਚ 6 ਲੱਖ ਡਾਲਰ ਦੀ ਕਥਿਤ ਧੋਖਾਧੜੀ

ਜਾਂਚ ਏਜੰਸੀ ਦੇ ਦੋਸ਼ਾਂ ਅਨੁਸਾਰ, ਮਨਜੀਤ ਸਿੰਘ ਬੇਦੀ ਨੇ ਸਾਲ 2024 ਤੋਂ 2025 ਦੇ ਦਰਮਿਆਨ ਅਮਰੀਕਾ ਦੇ Supplemental Nutrition Assistance Program (SNAP) ਨਾਲ ਸਬੰਧਤ ਸਹਾਇਤਾ ਰਾਸ਼ੀ ਵਿੱਚ ਕਥਿਤ ਤੌਰ ’ਤੇ ਘੱਟੋ-ਘੱਟ 6 ਲੱਖ ਡਾਲਰ ਦੀ ਧੋਖਾਧੜੀ ਕੀਤੀ।

SNAP ਅਮਰੀਕਾ ਦਾ ਇੱਕ ਸਰਕਾਰੀ ਪ੍ਰੋਗਰਾਮ ਹੈ, ਜਿਸ ਤਹਿਤ ਯੋਗਤਾ ਪੂਰੀ ਕਰਨ ਵਾਲੇ ਘੱਟ ਆਮਦਨ ਵਾਲੇ ਲੋਕਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਖਰੀਦਣ ਲਈ ਸਹਾਇਤਾ ਦਿੱਤੀ ਜਾਂਦੀ ਹੈ।

FBI ਦਾ ਦੋਸ਼ ਹੈ ਕਿ ਬੇਦੀ ਨੇ ਅਮਰੀਕਾ ਵਿੱਚ ਚਲਾਏ ਜਾ ਰਹੇ ਇੱਕ ਕਰਿਆਨੇ ਦੇ ਸਟੋਰ ਰਾਹੀਂ ਇਸ ਕਥਿਤ ਧੋਖਾਧੜੀ ਨੂੰ ਅੰਜਾਮ ਦਿੱਤਾ। ਉਸ ਖ਼ਿਲਾਫ਼ ਵਾਇਰ ਫਰਾਡ ਅਤੇ SNAP ਲਾਭਾਂ ਨਾਲ ਸਬੰਧਤ ਧੋਖਾਧੜੀ ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਹੈ।

ਸਤੰਬਰ ’ਚ ਜਲੰਧਰ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ, ਮਨਜੀਤ ਸਿੰਘ ਬੇਦੀ ਨੂੰ ਸਤੰਬਰ ਮਹੀਨੇ ਪੰਜਾਬ ਵਿੱਚ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ FBI ਨੇ ਕਿਹਾ ਸੀ ਕਿ ਉਹ ਮੁਲਜ਼ਮ ਨੂੰ ਅਮਰੀਕਾ ਵਾਪਸ ਲਿਆਉਣ ਲਈ ਕਾਰਵਾਈ ਕਰ ਰਹੀ ਹੈ। ਜਾਂਚਕਰਤਾਵਾਂ ਨੂੰ ਸ਼ੱਕ ਸੀ ਕਿ ਉਹ ਪਿਛਲੇ ਸਾਲ ਅਮਰੀਕਾ ਛੱਡ ਕੇ ਭਾਰਤ ਆ ਗਿਆ ਸੀ।

ਹੁਣ ਅਮਰੀਕਾ ਵਾਪਸ ਲਿਆਂਦੇ ਜਾਣ ਤੋਂ ਬਾਅਦ ਬੇਦੀ ਨੂੰ ਉੱਥੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ