ਗੁਰਦਾਸਪੁਰ: ਦੁਸਹਿਰੇ ਵਾਲੇ ਦਿਨ ਗੁਰਦਾਸਪੁਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਠੂੰਡੀ ਨੇੜੇ ਠੂੰਡੀ-ਤਾਜਪੁਰ ਰੋਡ ’ਤੇ ਵਾਪਰਿਆ, ਜਿੱਥੇ ਮੋਟਰਸਾਈਕਲ ਅਤੇ ਸਕਾਰਪੀਓ ਗੱਡੀ ਦੀ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਪਿੰਡ ਭਰਤਾ, ਬਹਿਰਾਮਪੁਰ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਭੈਣ ਦੇ ਵਿਆਹ ਦਾ ਸੱਦਾ ਪੱਤਰ ਦੇਣ ਗਿਆ ਸੀ ਠੂੰਡੀ
ਪਰਿਵਾਰਕ ਮੈਂਬਰਾਂ ਮੁਤਾਬਕ, ਗੁਰਸੇਵਕ ਸਿੰਘ ਦੀ ਵੱਡੀ ਭੈਣ ਦਾ ਵਿਆਹ ਅਗਲੇ ਮਹੀਨੇ ਹੋਣਾ ਤੈਅ ਸੀ। ਇਸੇ ਸਬੰਧੀ ਉਹ ਆਪਣੀ ਭੂਆ ਨੂੰ ਵਿਆਹ ਦਾ ਕਾਰਡ ਦੇਣ ਲਈ ਪਿੰਡ ਠੂੰਡੀ ਗਿਆ ਸੀ। ਸੱਦਾ ਪੱਤਰ ਦੇਣ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ’ਤੇ ਆਪਣੇ ਪਿੰਡ ਭਰਤਾ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿੱਚ ਉਸ ਦਾ ਸਕਾਰਪੀਓ ਗੱਡੀ ਨਾਲ ਹਾਦਸਾ ਹੋ ਗਿਆ।
ਤਿੱਖੇ ਮੋੜ ’ਤੇ ਹੋਈ ਜ਼ਬਰਦਸਤ ਟੱਕਰ
ਮਿਲੀ ਜਾਣਕਾਰੀ ਅਨੁਸਾਰ, ਪਿੰਡ ਠੂੰਡੀ ਨੇੜੇ ਸੜਕ ਦੇ ਇੱਕ ਤਿੱਖੇ ਮੋੜ ’ਤੇ ਮੋਟਰਸਾਈਕਲ ਅਤੇ ਸਕਾਰਪੀਓ ਦੀ ਟੱਕਰ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੁਰਸੇਵਕ ਸਿੰਘ ਸੜਕ ’ਤੇ ਕਰੀਬ 20 ਮੀਟਰ ਦੂਰ ਜਾ ਡਿੱਗਿਆ। ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ, ਸਕਾਰਪੀਓ ਦੀ ਰਫ਼ਤਾਰ ਅਤੇ ਹਾਦਸੇ ਦੇ ਹੋਰ ਕਾਰਨਾਂ ਬਾਰੇ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਗੁਰਸੇਵਕ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਹੁਣ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਜਿਸ ਘਰ ਵਿੱਚ ਅਗਲੇ ਮਹੀਨੇ ਧੀ ਦੇ ਵਿਆਹ ਦੀਆਂ ਤਿਆਰੀਆਂ ਅਤੇ ਖ਼ੁਸ਼ੀਆਂ ਹੋਣੀਆਂ ਸਨ, ਉੱਥੇ ਇਸ ਹਾਦਸੇ ਤੋਂ ਬਾਅਦ ਸੋਗ ਦਾ ਮਾਹੌਲ ਹੈ। ਗੁਰਸੇਵਕ ਸਿੰਘ ਦੀ ਮੌਤ ਨਾਲ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।
