ਬਠਿੰਡਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ ਵੱਡੀ ਕਾਰਵਾਈ ਕਰਦਿਆਂ ਮਾਲ ਹਲਕਾ ਚਾਉਕੇ, ਤਹਿਸੀਲ ਮੌੜ ਵਿਖੇ ਤਾਇਨਾਤ ਪਟਵਾਰੀ ਮਨਿੰਦਰ ਸਿੰਘ ਦੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ, ਇਹ ਕਾਰਵਾਈ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਜ਼ਮੀਨ ਦੇ ਰਿਕਾਰਡ ਵਿੱਚ ਸੋਧ ਬਦਲੇ ਮੰਗੀ ਸੀ ਰਿਸ਼ਵਤ
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ, ਸ਼ਿਕਾਇਤਕਰਤਾ ਨੇ ਆਪਣੇ ਭਰਾ ਅਤੇ ਭੈਣ ਨਾਲ ਮਿਲ ਕੇ ਸਾਲ 2002 ਵਿੱਚ ਪਿੰਡ ਚਾਉਕੇ ਵਿਖੇ ਜ਼ਮੀਨ ਖਰੀਦੀ ਸੀ। ਹਾਲ ਹੀ ਵਿੱਚ ਮਾਲ ਰਿਕਾਰਡ ਦੀ ਜਾਂਚ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਰਿਕਾਰਡ ਵਿੱਚ ਉਸ ਦੇ ਪਰਿਵਾਰ ਦੇ ਨਾਂ ਦਰਜ ਹੋਣ ਦੀ ਬਜਾਏ ਅਜੇ ਵੀ ਪਿਛਲੇ ਮਾਲਕ ਦਾ ਨਾਂ ਦਰਜ ਸੀ।
ਇਸ ਗਲਤੀ ਨੂੰ ਦਰੁਸਤ ਕਰਵਾਉਣ ਲਈ ਜਦੋਂ ਉਸ ਨੇ ਸਬੰਧਤ ਪਟਵਾਰੀ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਕਥਿਤ ਤੌਰ ’ਤੇ ਪਟਵਾਰੀ ਨੇ ਉਸ ਨੂੰ ਆਪਣੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਦੋਸ਼ ਹੈ ਕਿ ਪ੍ਰਿਤਪਾਲ ਸਿੰਘ ਨੇ ਮਾਲ ਰਿਕਾਰਡ ਵਿੱਚ ਸੋਧ ਕਰਵਾਉਣ ਦੇ ਬਦਲੇ 1.50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਫ਼ੋਨ ’ਤੇ ਗੱਲਬਾਤ ਮਗਰੋਂ 1.40 ਲੱਖ ਰੁਪਏ ਵਿੱਚ ਤੈਅ ਹੋਇਆ ਸੌਦਾ
ਸ਼ਿਕਾਇਤਕਰਤਾ ਮੁਤਾਬਕ, ਜਦੋਂ ਉਹ ਮੁੜ ਪਟਵਾਰੀ ਦਫ਼ਤਰ ਪਹੁੰਚਿਆ ਤਾਂ ਪ੍ਰਿਤਪਾਲ ਸਿੰਘ ਉਸ ਨੂੰ ਦਫ਼ਤਰ ਦੀ ਇਮਾਰਤ ਦੇ ਪਿੱਛੇ ਲੈ ਗਿਆ, ਜਿੱਥੇ ਉਸ ਨੇ ਪਟਵਾਰੀ ਮਨਿੰਦਰ ਸਿੰਘ ਨਾਲ ਫ਼ੋਨ ’ਤੇ ਗੱਲ ਕਰਵਾਈ। ਇਸ ਗੱਲਬਾਤ ਦੌਰਾਨ ਕਥਿਤ ਰਿਸ਼ਵਤ ਦੀ ਰਕਮ 1.40 ਲੱਖ ਰੁਪਏ ਤੈਅ ਹੋਈ।
ਬੁਲਾਰੇ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨੇ ਪਹਿਲਾਂ ਸ਼ਿਕਾਇਤਕਰਤਾ ਤੋਂ 2,000 ਰੁਪਏ ਲਏ ਸਨ ਅਤੇ ਬਾਕੀ ਰਕਮ ਦੀ ਅਗਲੀ ਕਿਸ਼ਤ 22 ਅਕਤੂਬਰ 2026 ਨੂੰ ਦੇਣ ਲਈ ਕਿਹਾ ਸੀ।
ਵਿਜੀਲੈਂਸ ਨੇ ਜਾਲ ਵਿਛਾ ਕੇ ਕੀਤਾ ਕਾਬੂ
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ।
ਕਾਰਵਾਈ ਦੌਰਾਨ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਪ੍ਰਿਤਪਾਲ ਸਿੰਘ ਨੂੰ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
