ਮੁਹਾਲੀ : ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੁਹਾਲੀ ਵਿਖੇ ਪਹੁੰਚ ਗਈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਕਰਵਾਇਆ ਜਾਵੇਗਾ।
ਹਵਾਈ ਅੱਡੇ ’ਤੇ ਪਹੁੰਚਣ ’ਤੇ ਪੰਜਾਬ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਪਾਨੀ ਟੀਮ ਦਾ ਢੋਲ ਦੀ ਤਾਲ ’ਤੇ ਭੰਗੜੇ, ਰਵਾਇਤੀ ਹਾਰ ਪਾ ਕੇ ਅਤੇ ਪੰਜਾਬੀ ਮਹਿਮਾਨ ਨਿਵਾਜ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਦੀ ਇਸ ਨਿੱਘੀ ਮੇਜ਼ਬਾਨੀ ਤੋਂ ਪ੍ਰਭਾਵਿਤ ਖਿਡਾਰੀਆਂ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਹਾਕੀ ਲਈ ਵਿਸ਼ੇਸ਼ ਪਛਾਣ ਰੱਖਣ ਵਾਲੀ ਪੰਜਾਬ ਦੀ ਧਰਤੀ ’ਤੇ ਖੇਡਣ ਲਈ ਆਪਣਾ ਉਤਸ਼ਾਹ ਪ੍ਰਗਟਾਇਆ।
ਟੂਰਨਾਮੈਂਟ ਲਈ ਜਾਪਾਨੀ ਟੀਮ ਵਿੱਚ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਵਾਤਨਬੇ ਜੂਨ, ਮਾਤਸੁਮੋਟੋ ਕਾਜ਼ੂਮਾਸਾ, ਨਾਗਾਈ ਯੁਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਏਕੀ (ਕਪਤਾਨ), ਨਾਗਯੋਸ਼ੀ ਕੇਨ, ਸੈਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਟੋਯਾ, ਓਚਾਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਟਾਰੋ ਸ਼ਾਮਲ ਹਨ।
ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਠਹਿਰਨ, ਅਭਿਆਸ ਸੈਸ਼ਨਾਂ ਅਤੇ ਆਵਾਜਾਈ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਇਸ ਅੰਤਰਰਾਸ਼ਟਰੀ ਹਾਕੀ ਪ੍ਰਤੀਯੋਗਤਾ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਖਾਸ ਉਤਸ਼ਾਹ ਹੈ। ਇਸ ਵਿੱਚ ਏਸ਼ੀਆ ਦੀਆਂ ਪ੍ਰਮੁੱਖ ਹਾਕੀ ਟੀਮਾਂ ਦੀ ਸ਼ਮੂਲੀਅਤ ਨਾਲ ਦਰਸ਼ਕਾਂ ਨੂੰ ਉੱਚ ਪੱਧਰੀ ਮੁਕਾਬਲੇ ਦੇਖਣ ਨੂੰ ਮਿਲਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਇਸ ਪੱਧਰ ਦੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਲਈ ਵਿਸ਼ਵ ਪੱਧਰੀ ਸਹੂਲਤਾਂ, ਸੁਰੱਖਿਆ ਅਤੇ ਸੁਚਾਰੂ ਪ੍ਰਬੰਧਾਂ ਦੇ ਨਾਲ ਪੰਜਾਬ ਦੀ ਰਵਾਇਤੀ ਮਹਿਮਾਨ ਨਿਵਾਜ਼ੀ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਗਏ ਹਨ।
ਜਾਪਾਨ ਅਤੇ ਮੇਜ਼ਬਾਨ ਭਾਰਤ ਤੋਂ ਇਲਾਵਾ ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਹਨ। ਮੁਕਾਬਲਿਆਂ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਤੋਂ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
