ਚੰਡੀਗੜ੍ਹ ਦੇ ਸੈਕਟਰ-22 ਵਿੱਚ ਦਿਨ-ਦਿਹਾੜੇ ਗੋਲੀਬਾਰੀ, 17 ਸਾਲਾ ਵਿਦਿਆਰਥੀ ਦੀ ਮੌਤ; ਇੱਕ ਹੋਰ ਜ਼ਖ਼ਮੀ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਚਲਦੇ ਆਟੋ ਵਿੱਚ ਸਵਾਰ ਸਕੂਲੀ ਵਿਦਿਆਰਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ 17 ਸਾਲਾ ਨੈਤਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਕ, ਇਸ ਵਾਰਦਾਤ ਵਿੱਚ ਮ੍ਰਿਤਕ ਦੇ ਇੱਕ ਜਮਾਤੀ ’ਤੇ ਕਤਲ ਕਰਨ ਦੇ ਦੋਸ਼ ਲੱਗੇ ਹਨ।

ਜਾਣਕਾਰੀ ਅਨੁਸਾਰ, ਗੋਲੀਬਾਰੀ ਤੋਂ ਕਰੀਬ ਇੱਕ ਘੰਟਾ ਪਹਿਲਾਂ ਦੋਵਾਂ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਥਿਤ ਮੁਲਜ਼ਮ ਵਿਦਿਆਰਥੀ ਦੀ ਕੁੱਟਮਾਰ ਵੀ ਕੀਤੀ ਗਈ ਸੀ। ਇਸੇ ਰੰਜਿਸ਼ ਨੂੰ ਗੋਲੀਬਾਰੀ ਦੇ ਸੰਭਾਵੀ ਕਾਰਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਹਾਲਾਂਕਿ, ਵਾਰਦਾਤ ਦੇ ਅਸਲ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਬਾਰੇ ਅਜੇ ਪੂਰੀ ਤਸਵੀਰ ਸਪੱਸ਼ਟ ਨਹੀਂ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਤੋਂ ਬਾਅਦ ਹੀ ਘਟਨਾ ਦੀ ਅਸਲ ਵਜ੍ਹਾ ਸਾਹਮਣੇ ਆ ਸਕੇਗੀ।