ਨਵੀਂ ਦਿੱਲੀ: ਇਰਾਨੀ ਸੰਸਦ ਦੇ ਸਪੀਕਰ ਅਤੇ ਪੱਛਮੀ ਏਸ਼ੀਆ ਸੰਕਟ ਸਬੰਧੀ ਮੁੱਖ ਵਾਰਤਾਕਾਰ ਮੁਹੰਮਦ ਬਾਕਿਰ ਗ਼ਾਲੀਬਾਫ਼ 26 ਅਤੇ 27 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ 12ਵੇਂ BRICS ਸੰਸਦੀ ਫੋਰਮ ਵਿੱਚ ਸ਼ਾਮਲ ਨਹੀਂ ਹੋਣਗੇ। ਨਵੀਂ ਦਿੱਲੀ ਸਥਿਤ ਇਰਾਨੀ ਦੂਤਾਵਾਸ ਮੁਤਾਬਕ, ਅਣਕਿਆਸੇ ਹਾਲਾਤ ਕਾਰਨ ਗ਼ਾਲੀਬਾਫ਼ ਇਸ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕਣਗੇ। ਉਨ੍ਹਾਂ ਦੀ ਥਾਂ ਅਹਿਮਦ ਨਾਦੇਰੀ ਦੀ ਅਗਵਾਈ ਹੇਠ ਇਰਾਨੀ ਸੰਸਦੀ ਵਫ਼ਦ ਫੋਰਮ ਵਿੱਚ ਹਿੱਸਾ ਲਵੇਗਾ।
ਇਸ ਫੋਰਮ ਵਿੱਚ ਕੁੱਲ 13 ਦੇਸ਼ਾਂ ਦੇ ਸੰਸਦੀ ਵਫ਼ਦ ਸ਼ਾਮਲ ਹੋਣਗੇ। ਇਨ੍ਹਾਂ ਵਿੱਚ BRICS ਦੇ ਛੇ ਮੈਂਬਰ ਦੇਸ਼ ਰੂਸ, ਬ੍ਰਾਜ਼ੀਲ, ਚੀਨ, ਮਿਸਰ, ਸੰਯੁਕਤ ਅਰਬ ਅਮੀਰਾਤ ਅਤੇ ਇਰਾਨ ਸ਼ਾਮਲ ਹਨ। ਇਸ ਤੋਂ ਇਲਾਵਾ ਬੇਲਾਰੂਸ, ਕਿਊਬਾ, ਥਾਈਲੈਂਡ, ਵੀਅਤਨਾਮ, ਕਜ਼ਾਕਿਸਤਾਨ, ਯੂਗਾਂਡਾ ਅਤੇ ਉਜ਼ਬੇਕਿਸਤਾਨ ਸਮੇਤ ਸੱਤ ਭਾਈਵਾਲ ਦੇਸ਼ ਵੀ ਹਿੱਸਾ ਲੈਣਗੇ।
ਰੂਸ ਵੱਲੋਂ ਸਟੇਟ ਡੂਮਾ ਦੇ ਚੇਅਰਮੈਨ ਵਿਆਚੇਸਲਾਵ ਵੋਲੋਦਿਨ ਦੀ ਅਗਵਾਈ ਹੇਠ 10 ਸੰਸਦ ਮੈਂਬਰਾਂ ਦਾ ਸਭ ਤੋਂ ਵੱਡਾ ਵਫ਼ਦ ਭੇਜਿਆ ਜਾ ਰਿਹਾ ਹੈ। ਯੂਏਈ, ਥਾਈਲੈਂਡ ਅਤੇ ਯੂਗਾਂਡਾ ਦੇ ਵਫ਼ਦਾਂ ਦੀ ਅਗਵਾਈ ਉਨ੍ਹਾਂ ਦੇ ਸੰਸਦੀ ਸਪੀਕਰ ਕਰਨਗੇ, ਜਦਕਿ ਚੀਨ, ਬੇਲਾਰੂਸ ਅਤੇ ਕਿਊਬਾ ਦੇ ਵਫ਼ਦ ਡਿਪਟੀ ਸਪੀਕਰਾਂ ਦੀ ਅਗਵਾਈ ਹੇਠ ਪਹੁੰਚਣਗੇ।
ਫੋਰਮ ਦਾ ਆਯੋਜਨ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ‘ਲੋਕ-ਕੇਂਦਰਿਤ ਵਿਕਾਸ ਲਈ ਸੰਸਦਾਂ ਨੂੰ ਮਜ਼ਬੂਤ ਕਰਨਾ’ ਵਿਸ਼ੇ ਹੇਠ ਕੀਤਾ ਜਾਵੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਸਮਾਗਮ ਨੂੰ ਮੁੱਖ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੱਖ-ਵੱਖ ਦੇਸ਼ਾਂ ਦੇ ਸੰਸਦੀ ਵਫ਼ਦਾਂ ਨਾਲ ਗੱਲਬਾਤ ਕਰਨਗੇ।
ਚਰਚਾ ਦੌਰਾਨ ਨਕਲੀ ਬੁੱਧੀ (AI) ਦੀ ਮਨੁੱਖ-ਕੇਂਦਰਿਤ ਵਰਤੋਂ, ਡਿਜੀਟਲ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਸ਼ਾਸਨ ਪ੍ਰਣਾਲੀ ਵਿੱਚ ਸੁਧਾਰ ਵਰਗੇ ਅਹਿਮ ਮੁੱਦੇ ਵਿਚਾਰੇ ਜਾਣਗੇ। ਇਸ ਦੇ ਨਾਲ ਹੀ ਵਿਸ਼ਵ ਪੱਧਰ ’ਤੇ ਵਧ ਰਹੇ ਟਕਰਾਵਾਂ ਅਤੇ ਲੋਕਤੰਤਰੀ ਪ੍ਰਣਾਲੀਆਂ ਸਾਹਮਣੇ ਪੈਦਾ ਹੋ ਰਹੀਆਂ ਚੁਣੌਤੀਆਂ ’ਤੇ ਵੀ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਫੋਰਮ ਦੇ ਅੰਤ ਵਿੱਚ ਸਾਂਝਾ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ।
