ਅੰਮ੍ਰਿਤਸਰ ਦੇ ਮਹਿਤਾ ਚੌਂਕ ਵਿਖੇ ਜੇ.ਡੀ. ਜਿੰਮ ’ਤੇ ਫਾਇਰਿੰਗ

ਮਹਿਤਾ ਚੌਂਕ (ਅੰਮ੍ਰਿਤਸਰ): ਮਹਿਤਾ ਚੌਂਕ ਵਿਖੇ ਅੱਜ ਸਵੇਰੇ ਸਥਿਤ ਜੇ.ਡੀ. ਜਿੰਮ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਫਾਇਰਿੰਗ ਦੌਰਾਨ ਜਿੰਮ ਦੀਆਂ ਖਿੜਕੀਆਂ, ਦਰਵਾਜ਼ਿਆਂ ਅਤੇ ਇਮਾਰਤ ਦੇ ਬਾਹਰੀ ਹਿੱਸੇ ਨੂੰ ਨੁਕਸਾਨ ਪਹੁੰਚਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਜਿੰਮ ਦੇ ਬਾਹਰੋਂ ਫਾਇਰਿੰਗ ਕੀਤੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ।

ਸੂਤਰਾਂ ਦੇ ਹਵਾਲੇ ਨਾਲ ਇਹ ਵੀ ਚਰਚਾ ਹੈ ਕਿ ਜਿੰਮ ਦੇ ਮਾਲਕਾਂ ਕੋਲੋਂ ਪਿਛਲੇ ਦਿਨੀਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਂਕਿ, ਫਿਰੌਤੀ ਦੀ ਮੰਗ ਅਤੇ ਫਾਇਰਿੰਗ ਦੀ ਘਟਨਾ ਵਿਚਕਾਰ ਸਬੰਧ ਹੋਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ, ਫਾਇਰਿੰਗ ਦੇ ਕਾਰਨਾਂ ਅਤੇ ਫਿਰੌਤੀ ਦੀ ਕਥਿਤ ਮੰਗ ਸਬੰਧੀ ਤੱਥਾਂ ਦੀ ਪੁਸ਼ਟੀ ਹੋਣੀ ਬਾਕੀ ਹੈ।