ਜੰਮੂ-ਕਸ਼ਮੀਰ 'ਚ ਵੱਡੀ ਵਾਰਦਾਤ! ਲਾਪਤਾ ਹੋਏ 2 ਪੁਲਿਸ ਮੁਲਾਜ਼ਮਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ - Punjab Nation TV

ਜੰਮੂ-ਕਸ਼ਮੀਰ ‘ਚ ਵੱਡੀ ਵਾਰਦਾਤ! ਲਾਪਤਾ ਹੋਏ 2 ਪੁਲਿਸ ਮੁਲਾਜ਼ਮਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ

ਕਿਸ਼ਤਵਾੜ ਦੇ ਜੰਗਲੀ ਇਲਾਕੇ ‘ਚੋਂ ਮਿਲੀਆਂ ਲਾਸ਼ਾਂ, ਅੱਤਵਾਦੀ ਹਮਲੇ ਦਾ ਸ਼ੱਕ; ਡਰੋਨ ਅਤੇ ਸਨਿਫਰ ਡੌਗਜ਼ ਨਾਲ ਚਲਾਇਆ ਗਿਆ ਸੀ ਸਰਚ ਆਪ੍ਰੇਸ਼ਨ

ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫ਼ਸਰਾਂ (SPOs) ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਪੁਲਿਸ ਮੁਲਾਜ਼ਮਾਂ ਦੇ ਸਰਵਿਸ ਹਥਿਆਰ ਵੀ ਮੌਕੇ ਤੋਂ ਗਾਇਬ ਮਿਲੇ ਹਨ। ਇਸ ਕਾਰਨ ਮਾਮਲੇ ਵਿੱਚ ਅੱਤਵਾਦੀ ਸਾਜ਼ਿਸ਼ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ 57 ਸਾਲਾ ਬਾਬੀ ਚੰਦ ਅਤੇ 45 ਸਾਲਾ ਰਸ਼ਪਾਲ ਕੁਮਾਰ ਵਜੋਂ ਹੋਈ ਹੈ। ਦੋਵੇਂ ਕਿਸ਼ਤਵਾੜ ਦੇ ਦੱਛਨ ਇਲਾਕੇ ਦੇ ਆਪਣੇ ਪਿੰਡ ਕਿਆਰ ਵਿੱਚ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨਾਲ ਤਾਇਨਾਤ ਸਨ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮ ਬੁੱਧਵਾਰ ਰਾਤ ਤੋਂ ਲਾਪਤਾ ਸਨ। ਉਨ੍ਹਾਂ ਦੀ ਭਾਲ ਲਈ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ ‘ਤੇ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਵੀਰਵਾਰ ਸਵੇਰੇ ਕਰੀਬ 8 ਵਜੇ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲੀ, ਜਦਕਿ ਦੂਜੀ ਲਾਸ਼ ਸਵੇਰੇ ਕਰੀਬ 9 ਵਜੇ ਬਰਾਮਦ ਕੀਤੀ ਗਈ।
ਡਰੋਨ ਅਤੇ ਸਨਿਫਰ ਡੌਗਜ਼ ਨਾਲ ਜੰਗਲਾਂ ‘ਚ ਚੱਲਿਆ ਸਰਚ ਆਪ੍ਰੇਸ਼ਨ


ਦੋਵਾਂ ਦੇ ਲਾਪਤਾ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਛਨ ਦੇ ਉੱਚੇ ਪਹਾੜੀ ਅਤੇ ਜੰਗਲੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਸੀ। ਇਸ ਕਾਰਵਾਈ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਵਾਨਾਂ ਵੱਲੋਂ ਡਰੋਨ ਅਤੇ ਸਨਿਫਰ ਡੌਗਜ਼ ਦੀ ਮਦਦ ਨਾਲ ਮੁਸ਼ਕਲ ਪਹਾੜੀ ਰਸਤਿਆਂ ਅਤੇ ਜੰਗਲਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਦੋਵਾਂ ਦੇ ਹਥਿਆਰ ਨਾ ਮਿਲਣ ਕਾਰਨ ਜਾਂਚ ਏਜੰਸੀਆਂ ਵੱਲੋਂ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦੀ ਸ਼ਮੂਲੀਅਤ ਹੋਣ ਦੇ ਸ਼ੱਕ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
BJP ਵਿਧਾਇਕਾ ਸ਼ਗੁਨ ਪਰਿਹਾਰ ਨੇ ਪਾਕਿਸਤਾਨ ‘ਤੇ ਸਾਧਿਆ ਨਿਸ਼ਾਨਾ
ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿਸ਼ਤਵਾੜ ਤੋਂ ਭਾਜਪਾ ਵਿਧਾਇਕਾ ਸ਼ਗੁਨ ਪਰਿਹਾਰ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਘਟਨਾ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੀਆਂ ਨਾਪਾਕ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ।

ਸ਼ਗੁਨ ਪਰਿਹਾਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਦੋ ਜਵਾਨਾਂ ਦੀਆਂ ਜਾਨਾਂ ਜਾਣਾ ਬੇਹੱਦ ਦੁਖਦਾਈ ਹੈ ਅਤੇ ਇਸ ਘਟਨਾ ਦਾ ਢੁੱਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖ਼ੁਦ ਘਟਨਾ ਵਾਲੇ ਇਲਾਕੇ ਵੱਲ ਰਵਾਨਾ ਹੋ ਰਹੇ ਹਨ