ਹਿਮਾਚਲ 'ਚ 100 ਮੀਟਰ ਦੀ ਉਚਾਈ 'ਤੇ ਹਾਈਟੈਂਸ਼ਨ ਤਾਰਾਂ 'ਚ ਫਸਿਆ ਰੂਸੀ ਪੈਰਾਗਲਾਈਡਰ, 3 ਘੰਟਿਆਂ ਦੇ ਰੈਸਕਿਊ ਆਪ੍ਰੇਸ਼ਨ ਮਗਰੋਂ ਬਚਾਈ ਜਾਨ - Punjab Nation TV

ਹਿਮਾਚਲ ‘ਚ 100 ਮੀਟਰ ਦੀ ਉਚਾਈ ‘ਤੇ ਹਾਈਟੈਂਸ਼ਨ ਤਾਰਾਂ ‘ਚ ਫਸਿਆ ਰੂਸੀ ਪੈਰਾਗਲਾਈਡਰ, 3 ਘੰਟਿਆਂ ਦੇ ਰੈਸਕਿਊ ਆਪ੍ਰੇਸ਼ਨ ਮਗਰੋਂ ਬਚਾਈ ਜਾਨ

ਮੰਡੀ ‘ਚ ਉਡਾਣ ਦੌਰਾਨ ਵਾਪਰਿਆ ਹਾਦਸਾ, NDRF-SDRF ਸਮੇਤ ਕਈ ਟੀਮਾਂ ਨੇ ਚਲਾਇਆ ਸਾਂਝਾ ਬਚਾਅ ਆਪ੍ਰੇਸ਼ਨ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਪੈਰਾਗਲਾਈਡਿੰਗ ਦੌਰਾਨ ਇੱਕ ਰੂਸੀ ਪਾਇਲਟ ਨਾਲ ਖ਼ਤਰਨਾਕ ਹਾਦਸਾ ਵਾਪਰ ਗਿਆ। ਬੀੜ ਬਿਲਿੰਗ ਤੋਂ ਉਡਾਣ ਭਰਨ ਵਾਲਾ 48 ਸਾਲਾ ਰੂਸੀ ਪੈਰਾਗਲਾਈਡਰ ਐਲੇਕਸੀ ਹਵਾ ਵਿੱਚ ਉੱਡਦੇ ਸਮੇਂ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਉਹ ਜ਼ਮੀਨ ਤੋਂ ਕਰੀਬ 100 ਮੀਟਰ ਦੀ ਉਚਾਈ ‘ਤੇ ਤਾਰਾਂ ਵਿੱਚ ਲਟਕਿਆ ਰਿਹਾ। ਹਾਲਾਂਕਿ, ਕਰੀਬ ਤਿੰਨ ਘੰਟਿਆਂ ਤੱਕ ਚੱਲੇ ਮੁਸ਼ਕਲ ਬਚਾਅ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਮੰਡੀ ਜ਼ਿਲ੍ਹੇ ਦੇ ਟਾਂਡੂ ਇਲਾਕੇ ਨੇੜੇ ਵਾਪਰੀ। ਪੈਰਾਗਲਾਈਡਿੰਗ ਕਰਦੇ ਸਮੇਂ ਐਲੇਕਸੀ ਦਾ ਪੈਰਾਗਲਾਈਡਰ ਅਚਾਨਕ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਨਾਲ ਉਲਝ ਗਿਆ। ਖ਼ਤਰੇ ਨੂੰ ਦੇਖਦਿਆਂ ਉਸ ਨੇ ਤੁਰੰਤ ਆਪਣੀ ਲੋਕੇਸ਼ਨ ਦੀਆਂ ਤਸਵੀਰਾਂ ਬੀੜ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਨੂੰ ਭੇਜ ਕੇ ਮਦਦ ਦੀ ਅਪੀਲ ਕੀਤੀ।

ਸੂਚਨਾ ਮਿਲਦੇ ਹੀ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਵੱਖ-ਵੱਖ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ

NDRF-SDRF ਸਮੇਤ ਕਈ ਟੀਮਾਂ ਨੇ ਸੰਭਾਲਿਆ ਮੋਰਚਾ
ਰੂਸੀ ਪਾਇਲਟ ਨੂੰ ਸੁਰੱਖਿਅਤ ਬਚਾਉਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਗਾਵਰ ਕੰਪਨੀ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਰੈਸਕਿਊ ਆਪ੍ਰੇਸ਼ਨ ਚਲਾਇਆ।

ਬਚਾਅ ਕਾਰਜ ਦੌਰਾਨ ਪਾਇਲਟ ਦੇ ਹੇਠਾਂ ਡਿੱਗਣ ਦੇ ਖ਼ਤਰੇ ਨੂੰ ਦੇਖਦਿਆਂ ਸੜਕ ‘ਤੇ ਸੁਰੱਖਿਆ ਜਾਲ ਅਤੇ ਗੱਦੇ ਵੀ ਵਿਛਾਏ ਗਏ। ਇਸ ਤੋਂ ਇਲਾਵਾ ਕਰੇਨ ਸਮੇਤ ਭਾਰੀ ਮਸ਼ੀਨਰੀ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ।

ਕਰੀਬ ਤਿੰਨ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਚਾਅ ਟੀਮਾਂ ਨੇ ਐਲੇਕਸੀ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ

ਇਲਾਜ ਲਈ ਮੰਡੀ ਦੇ ਜ਼ੋਨਲ ਹਸਪਤਾਲ ਭੇਜਿਆ


ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਰੂਸੀ ਪਾਇਲਟ ਨੂੰ ਮੰਡੀ ਦੇ ਜ਼ੋਨਲ ਹਸਪਤਾਲ ਵਿੱਚ ਇਲਾਜ ਅਤੇ ਮੈਡੀਕਲ ਜਾਂਚ ਲਈ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਐਸਡੀਐਮ ਚੰਦਰ ਪ੍ਰਕਾਸ਼ ਵੱਲੋਂ ਦਿੱਤੀ ਗਈ।

ਇਸ ਘਟਨਾ ਨੇ ਇੱਕ ਵਾਰ ਫਿਰ ਪਹਾੜੀ ਇਲਾਕਿਆਂ ਵਿੱਚ ਪੈਰਾਗਲਾਈਡਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਮੌਸਮੀ ਹਾਲਾਤਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਨੂੰ ਉਜਾਗਰ ਕੀਤਾ ਹੈ